ਦੇਸ਼ ’ਚ 30 ਲੱਖ ਰੁਪਏ ਪਹੁੰਚ ਗਿਆ ਵਿਆਹ ਦਾ ਔਸਤ ਖਰਚਾ

Friday, Dec 27, 2024 - 04:04 AM (IST)

ਦੇਸ਼ ’ਚ 30 ਲੱਖ ਰੁਪਏ ਪਹੁੰਚ ਗਿਆ ਵਿਆਹ ਦਾ ਔਸਤ ਖਰਚਾ

ਨਵੀਂ  ਦਿੱਲੀ - ਇਸ ਸਾਲ ਜਿੱਥੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ 5,000 ਕਰੋੜ ਰੁਪਏ ਦੇ ਵਿਆਹ ਦੇ  ਚਰਚੇ ਰਹੇ, ਉੱਥੇ ਹੀ, ਆਮ ਲੋਕਾਂ ਲਈ ਵਿਆਹ ਦੇ ਖਾਸ ਦਿਨ ਦਾ ਜਸ਼ਨ ਮਨਾਉਣਾ ਮਹਿੰਗਾ ਹੋ ਗਿਆ ਹੈ। ਮੱਧ ਵਰਗ ਅਤੇ ਉੱਚ ਮੱਧ ਵਰਗ ਨੇ ਹਾਲਾਂਕਿ ਇਸ ਸਾਲ ਵਿਆਹਾਂ ’ਤੇ ਕਾਫ਼ੀ  ਖਰਚਾ ਕੀਤਾ ਅਤੇ 2020-2021 ’ਚ ਵਿਆਹਾਂ ਦੇ ਬਾਜ਼ਾਰ ’ਚ ਆਈ ਮੰਦੀ ਹੁਣ ਬੀਤੇ ਸਮੇਂ ਦੀ  ਗੱਲ  ਜਾਪਦੀ ਹੈ। 

‘ਜੱਸਟਡਾਇਲ’ ਦੀ ਜਾਰੀ ਰਿਪੋਰਟ ਅਨੁਸਾਰ ਮਹਾਨਗਰੀ ਸ਼ਹਿਰਾਂ ’ਚ ਵਿਆਹ ਸੇਵਾਵਾਂ ਦੀ ਮੰਗ ’ਚ 34 ਫ਼ੀਸਦੀ ਦਾ ਵਾਧਾ ਹੋਇਆ। ਇਸ ’ਚ ਰਾਸ਼ਟਰੀ ਰਾਜਧਾਨੀ ’ਚ ਵਿਆਹ ਸਬੰਧੀ ਖੋਜ (ਸਰਚ) ’ਚ 44 ਫ਼ੀਸਦੀ ਅਤੇ ਰਿਜ਼ਾਰਟ ਥਾਂ ਖੋਜ ’ਚ 4  ਗੁਣਾ ਵਾਧਾ ਹੋਇਆ। ਵਿਆਹ ਸਬੰਧੀ ਸਾਰੀਆਂ ਯੋਜਨਾਵਾਂ ਮੁਹੱਈਆ ਕਰਾਉਣ ਵਾਲੇ ‘ਵੈੱਡਮੀਗੁਡ’ ਦੇ ਸਰਵੇ  ਅਨੁਸਾਰ ਇਸ ਸਾਲ ਨਵੰਬਰ ਤੱਕ ਵਿਆਹ ਬਜਟ ’ਚ ਸਾਲਾਨਾ ਆਧਾਰ ’ਤੇ 6.7 ਫ਼ੀਸਦੀ ਦਾ ਵਾਧਾ ਹੋਇਆ ਹੈ। ਔਸਤ ਖਰਚਾ 35.6 ਲੱਖ ਰੁਪਏ ਰਿਹਾ ਹੈ। 

‘ਵੈੱਡਮੀਗੁਡ’ ਆਪਣੇ ਵੈੱਬ ਅਤੇ ਐਪ  ਮੰਚ ’ਤੇ ਮਹੀਨਾਵਾਰੀ ਆਧਾਰ ’ਤੇ 18 ਲੱਖ ਯੂਜ਼ਰਜ਼  ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਵੱਲੋਂ ਸਾਂਝੇ ਕੀਤੇ ਗਏ ਅੰਕੜੇ ਵੀ ਇਸੇ  ਤਰ੍ਹਾਂ ਦੇ ਰੁਝਾਨ ਦਾ ਸੰਕੇਤ ਦਿੰਦੇ ਹਨ। ਕੈਟ  ਦੇ ਸੰਸਥਾਪਕ ਅਤੇ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਨੇ ਦੱਸਿਆ ਕਿ 2022 ’ਚ ਔਸਤ ਵਿਆਹ ਦਾ ਖਰਚਾ ਲੱਗਭਗ 20 ਲੱਖ ਰੁਪਏ ਸੀ, 2023 ’ਚ ਇਹ ਵਧ ਕੇ 25 ਲੱਖ ਰੁਪਏ ਹੋ  ਗਿਆ, ਜਦੋਂ ਕਿ ਇਸ ਸਾਲ ਇਹ ਵਧ ਕੇ  30 ਲੱਖ ਰੁਪਏ ਪ੍ਰਤੀ ਵਿਆਹ ਹੋ ਗਿਆ।

ਨਵੰਬਰ ’ਚ 4 ਗੁਣਾ ਵਧ ਗਈ ਸੋਨੇ ਦੀ ਦਰਾਮਦ
ਵਣਜ  ਮੰਤਰਾਲਾ ਦੇ ਅੰਕੜਿਆਂ ਅਨੁਸਾਰ ਨਵੰਬਰ ’ਚ ਦੇਸ਼ ਦੀ ਸੋਨੇ ਦੀ ਦਰਾਮਦ ਚਾਰ ਗੁਣਾ  ਵਧ ਕੇ 14.86 ਅਰਬ ਡਾਲਰ ਹੋ ਗਈ। ਜਨਵਰੀ ’ਚ ਸੋਨੇ ਦੀਆਂ ਕੀਮਤਾਂ 63,500 ਰੁਪਏ ਪ੍ਰਤੀ 10 ਗ੍ਰਾਮ ਸਨ, ਜੋ ਦਸੰਬਰ ’ਚ 80,000 ਰੁਪਏ ਦੇ ਆਸਪਾਸ ਹਨ। ਅੰਕੜਿਆਂ ਅਨੁਸਾਰ ਦਰਾਮਦ ’ਚ ਵਾਧਾ ਮੁੱਖ ਤੌਰ ’ਤੇ ਤਿਉਹਾਰ ਅਤੇ ਵਿਆਹਾਂ ਦੀ ਮੰਗ ਕਾਰਨ ਹੋਇਆ। ਗਹਿਣਾ ਵਿਕ੍ਰੇਤਾਵਾਂ ਨੇ ਕਿਹਾ ਕਿ ਇਸ ਸਾਲ ਸਿਰਫ ਸੋਨਾ ਹੀ ਨਹੀਂ, ਸਗੋਂ  ਬਦਲਵੇਂ ਗਹਿਣੇ ਦੀ ਮੰਗ ਵੀ ਵਧੀ ਹੈ।  

ਡੈਸਟੀਨੇਸ਼ਨ ਵੈਡਿੰਗ ਦੀ ਵਾਪਸੀ
ਕੋਵਿਡ-19 ਕੌਮਾਂਤਰੀ ਮਹਾਮਾਰੀ ਕਾਰਨ 2020 ਅਤੇ 2021 ’ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ‘ਡੈਸਟੀਨੇਸ਼ਨ ਵੈਡਿੰਗ’ ਸੈਗਮੈਂਟ ਨੇ ਵੀ ਜ਼ਬਰਦਸਤ ਵਾਪਸੀ ਕੀਤੀ ਹੈ। ‘ਵੈੱਡਮੀਗੁਡ’ ਅਨੁਸਾਰ ਹਰ ਚਾਰ ’ਚੋਂ ਇਕ ਵਿਆਹ ਗ੍ਰਹਿ ਨਗਰ ਤੋਂ ਬਾਹਰ ਕਿਸੇ ਹੋਰ ਜਗ੍ਹਾ ’ਤੇ ਹੋਇਆ। ‘ਵੈੱਡਮੀਗੁਡ’ ਦੀ ਸੰਸਥਾਪਕ ਮਹਿਕ ਸ਼ਾਹਾਨੀ ਨੇ ਕਿਹਾ ਕਿ ਵਿਆਹਾਂ ’ਚ 2022 ’ਚ ਇਸ ਸੈਗਮੈਂਟ ਦੀ ਹਿੱਸੇਦਾਰੀ 18 ਫ਼ੀਸਦੀ ਸੀ, ਜੋ 2023 ’ਚ ਵਧ ਕੇ 21 ਫ਼ੀਸਦੀ ਹੋ ਗਈ ਅਤੇ ਇਸ ਸਾਲ ਵਧ ਕੇ 26 ਫ਼ੀਸਦੀ ਹੋ ਗਈ। 


author

Inder Prajapati

Content Editor

Related News