ਬੀਜਿੰਗ, ਕੈਨਬਰਾ ਦੇ ਸਬੰਧਾਂ 'ਚ ਦਰਾੜ, WTO 'ਚ ਜਾਏਗਾ ਜੌਂ ਵਪਾਰ ਵਿਵਾਦ
Wednesday, Dec 16, 2020 - 05:51 PM (IST)
ਕੈਨਬਰਾ— ਬੀਜਿੰਗ ਅਤੇ ਕੈਨਬਰਾ ਵਿਚਕਾਰ ਸਬੰਧਾਂ 'ਚ ਦਰਾੜ ਹੋਰ ਡੂੰਘੀ ਹੋ ਸਕਦੀ ਹੈ। ਆਸਟ੍ਰੇਲੀਆ ਦੇ ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਨਾਲ ਚੱਲ ਰਹੇ ਜੌਂ ਵਪਾਰ ਵਿਵਾਦ 'ਤੇ ਉਨ੍ਹਾਂ ਦਾ ਦੇਸ਼ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਨੂੰ ਦਖ਼ਲ ਦੇਣ ਦੀ ਮੰਗ ਕਰਨ ਜਾ ਰਿਹਾ ਹੈ। ਉਨ੍ਹਾਂ ਇਸ ਮਾਮਲੇ 'ਚ ਹੋਰ ਦੇਸ਼ਾਂ ਵੱਲੋਂ ਵੀ ਆਸਟ੍ਰੇਲੀਆ ਦਾ ਸਾਥ ਦੇਣ ਦੀ ਉਮੀਦ ਜਤਾਈ।
ਕੈਨਬਰਾ ਵੱਲੋਂ ਮਹਾਮਾਰੀ ਦੀ ਸ਼ੁਰੂਆਤ ਬਾਰੇ ਸੁਤੰਤਰ ਜਾਂਚ ਕਰਨ ਦਾ ਪ੍ਰਸਤਾਵ ਰੱਖਣ ਮਗਰੋਂ ਚੀਨ ਅਤੇ ਆਸਟ੍ਰੇਲੀਆ ਵਿਚਕਾਰ ਸਬੰਧ ਤਣਾਅਪੂਰਨ ਬਣੇ ਹੋਏ ਹਨ। ਚੀਨ ਨੇ ਮਈ 'ਚ ਆਸਟ੍ਰੇਲੀਆਈ ਜੌਂ 'ਤੇ 80 ਫ਼ੀਸਦੀ ਟੈਰਿਫ ਲਾ ਕੇ ਇਕ ਤਰ੍ਹਾਂ ਨਾਲ ਇਸ ਦੀ ਦਰਾਮਦ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਸੀ।
ਚੀਨ ਦਾ ਦੋਸ਼ ਸੀ ਕਿ ਆਸਟ੍ਰੇਲੀਆ ਜੌਂ 'ਤੇ ਸਬਸਿਡੀ ਦੇ ਕੇ ਉਸ ਨੂੰ ਚੀਨ 'ਚ ਉਤਪਾਦਨ ਲਾਗਤ ਤੋਂ ਸਸਤਾ ਵੇਚ ਕੇ ਡਬਲਿਊ. ਟੀ. ਓ. ਨਿਯਮਾਂ ਦਾ ਉਲੰਘਣ ਕਰ ਰਿਹਾ ਹੈ। ਆਸਟ੍ਰੇਲੀਆ ਨੇ ਜੌਂ ਉਤਪਾਦਨ 'ਤੇ ਸਬਸਿਡੀ ਦੇਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਬਰਮਿੰਘਮ ਨੇ ਕਿਹਾ ਕਿ ਆਸਟ੍ਰੇਲੀਆ ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਡਬਲਿਊ. ਟੀ. ਓ. ਤੋਂ ਇਸ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਡਬਲਿਊ. ਟੀ. ਓ. 'ਚ ਵਿਵਾਦ ਹੱਲ ਦੀ ਪ੍ਰਕਿਰਿਆ ਸਟੀਕ ਨਹੀਂ ਹੈ ਅਤੇ ਇਸ 'ਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਪਰ ਇਹ ਸਹੀ ਜਗ੍ਹਾ ਹੈ, ਜਿੱਥੇ ਆਸਟ੍ਰੇਲੀਆ ਆਪਣੀ ਗੱਲ ਰੱਖ ਸਕਦਾ ਹੈ। ਆਸਟ੍ਰੇਲੀਆ ਦੇ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਉਸ ਦੀ ਅਨਾਜ ਬਰਾਮਦ ਦਾ ਲਗਭਗ 70 ਫ਼ੀਸਦੀ ਹਿੱਸਾ ਆਮ ਤੌਰ 'ਤੇ ਚੀਨ ਨੂੰ ਜਾਂਦਾ ਹੈ।