ਪਿਆਜ਼ ਦੇ ਘੱਟੋ-ਘੱਟ ਬਰਾਮਦ ਮੁੱਲ ''ਚ 150 ਡਾਲਰ ਟਨ ਦੀ ਕਮੀ

Sunday, Jan 21, 2018 - 10:36 PM (IST)

ਪਿਆਜ਼ ਦੇ ਘੱਟੋ-ਘੱਟ ਬਰਾਮਦ ਮੁੱਲ ''ਚ 150 ਡਾਲਰ ਟਨ ਦੀ ਕਮੀ

ਨਵੀਂ ਦਿੱਲੀ- ਸਰਕਾਰ ਨੇ ਪਿਆਜ਼ ਦੇ ਘਰੇਲੂ ਬਾਜ਼ਾਰ 'ਚ ਸਥਿਰਤਾ ਦੇ ਰੁਝਾਨ ਨੂੰ ਵੇਖਦਿਆਂ ਇਸ ਦਾ ਘੱਟੋ-ਘੱਟ ਬਰਾਮਦ ਮੁੱਲ (ਐੱਮ. ਈ. ਪੀ.) 150 ਡਾਲਰ ਪ੍ਰਤੀ ਟਨ ਘੱਟ ਕੀਤਾ ਹੈ। ਪਿਆਜ਼ ਦੀਆਂ ਕੀਮਤਾਂ 'ਚ ਹਾਲ ਦੇ ਉਛਾਲ ਤੋਂ ਬਾਅਦ ਨਰਮੀ ਦਾ ਰੁਖ਼ ਆ ਗਿਆ ਹੈ। ਵਣਜ ਮੰਤਰਾਲਾ ਅਨੁਸਾਰ ਪਿਆਜ਼ ਦਾ ਐੱਮ. ਈ. ਪੀ. ਘਟਾ ਕੇ 700 ਡਾਲਰ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਨਵੰਬਰ 'ਚ ਇਸ ਨੂੰ 850 ਡਾਲਰ ਪ੍ਰਤੀ ਟਨ ਤੈਅ ਕੀਤਾ ਗਿਆ ਸੀ। ਐੱਮ. ਈ. ਪੀ. ਉਹ ਘੱਟੋ-ਘੱਟ ਮੁੱਲ ਹੈ, ਜਿਸ ਤੋਂ ਹੇਠਾਂ ਬਰਾਮਦ ਦੀ ਆਗਿਆ ਨਹੀਂ ਹੈ। ਮੰਤਰਾਲਾ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ, ''ਪਿਆਜ਼ ਦੀ ਬਰਾਮਦ ਦੀ ਮਨਜ਼ੂਰੀ ਸਿਰਫ ਸਾਖ ਪੱਤਰ 'ਤੇ ਹੀ ਹੋਵੇਗੀ ਜੋ ਘੱਟੋ-ਘੱਟ ਬਰਾਮਦ ਮੁੱਲ 700 ਡਾਲਰ ਪ੍ਰਤੀ ਟਨ ਨਿਰਭਰ ਕਰੇਗਾ। ਇਹ 20 ਫਰਵਰੀ ਤੱਕ ਲਾਗੂ ਹੋਵੇਗਾ।''      
ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਕੀਮਤ ਨਿਗਰਾਨੀ ਸੈੱਲ ਅਨੁਸਾਰ ਪਿਆਜ਼ ਦਾ ਪ੍ਰਚੂਨ ਮੁੱਲ ਜ਼ਿਆਦਾਤਰ ਸ਼ਹਿਰਾਂ 'ਚ 40 ਰੁਪਏ ਕਿਲੋ ਹੈ। ਹਾਲਾਂਕਿ ਦਿੱਲੀ 'ਚ ਇਹ 50 ਰੁਪਏ ਦੇ ਆਲੇ-ਦੁਆਲੇ ਹੈ। ਸੀਮਤ ਸਪਲਾਈ ਕਾਰਨ ਪਿਛਲੇ ਸਾਲ ਦੇ ਆਖਰੀ ਕੁਝ ਮਹੀਨਿਆਂ 'ਚ ਪਿਆਜ਼ ਦੀ ਕੀਮਤ 'ਚ ਤੇਜ਼ੀ ਨੂੰ ਵੇਖਦਿਆਂ ਸਰਕਾਰ ਨੇ ਐੱਮ. ਐੱਮ. ਟੀ. ਸੀ. ਨੂੰ 2,000 ਟਨ ਪਿਆਜ਼ ਦੀ ਦਰਾਮਦ ਕਰਨ ਲਈ ਕਿਹਾ ਸੀ। ਦੇਸ਼ ਨੇ ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਜੁਲਾਈ ਦੌਰਾਨ 12 ਲੱਖ ਟਨ ਪਿਆਜ਼ ਦੀ ਬਰਾਮਦ ਕੀਤੀ ਜੋ ਇਕ ਸਾਲ ਪਹਿਲਾਂ ਇਸ ਮਿਆਦ ਦੇ ਮੁਕਾਬਲੇ 56 ਫ਼ੀਸਦੀ ਜ਼ਿਆਦਾ ਹੈ।


Related News