ਇਕ ਹੋਰ ਝਟਕਾ, ਕੋਰੋਨਾ ਕਾਰਨ ਅਸ਼ੋਕ ਲੇਲੈਂਡ ਨੇ ਉਤਪਾਦਨ 'ਚ ਕੀਤੀ ਕਟੌਤੀ

05/03/2021 2:19:04 PM

ਨਵੀਂ ਦਿੱਲੀ- ਨਿਵੇਸ਼ਕਾਂ ਲਈ ਕੋਰੋਨਾ ਕਾਰਨ ਇਕ ਹੋਰ ਝਟਕਾ ਹੈ। ਹਿੰਦੂਜਾ ਗਰੁੱਪ ਦੀ ਮੁੱਖ ਕੰਪਨੀ ਅਸ਼ੋਕ ਲੇਲੈਂਡ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਦੂਜੀ ਲਹਿਰ ਕਾਰਨ ਮੰਗ ਵਿਚ ਭਾਰੀ ਕਮੀ ਦੇ ਮੱਦੇਨਜ਼ਰ ਆਪਣੇ ਸਾਰੇ ਪਲਾਂਟਾਂ ਦਾ ਉਤਪਾਦਨ ਘਟਾਉਣ ਦਾ ਫ਼ੈਸਲਾ ਕੀਤਾ ਹੈ।

ਗਰੁੱਪ ਨੇ ਕਿਹਾ ਕਿ ਉਸ ਨੇ ਮੰਗ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਉਤਪਾਦਨ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਮੌਜੂਦਾ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਸਪਲਾਈ ਵਿਚ ਕੋਈ ਰੁਕਾਵਟ ਨਾ ਆਵੇ। ਕੰਪਨੀ ਇਸ ਮਿਆਦ ਦੇ ਦੌਰਾਨ ਰੱਖਿਆ ਵਾਹਨਾਂ ਦੀਆਂ ਜ਼ਰੂਰਤ ਨੂੰ ਪੂਰਾ ਕਰਨਾ ਵੀ ਜਾਰੀ ਰੱਖੇਗੀ।

ਅਸ਼ੋਕ ਲੇਲੈਂਡ ਨੇ ਕਿਹਾ, “ਸਾਨੂੰ ਸਾਰੇ ਉਤਪਾਦਾਂ ਦੀ ਮੰਗ ਅਸਥਾਈ ਤੌਰ ‘ਤੇ ਪ੍ਰਭਾਵਤ ਹੋਣ ਦੀ ਉਮੀਦ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਸਾਰੇ ਪਲਾਂਟਾਂ ਦਾ ਕੰਮਕਾਜ ਘਟਾਉਣ ਦਾ ਫ਼ੈਸਲਾ ਕੀਤਾ ਹੈ। ਮਈ ਵਿਚ ਕੰਮ ਸਿਰਫ ਸੱਤ ਤੋਂ ਪੰਦਰਾਂ ਦਿਨਾਂ ਲਈ ਹੀ ਚੱਲਣ ਦੀ ਉਮੀਦ ਹੈ। ਜਿਵੇਂ ਹੀ ਕੋਰੋਨਾ ਨਾਲ ਸਥਿਤੀ ਬਿਹਤਰ ਹੋਵੇਗੀ ਅਸੀਂ ਉਸ ਅਨੁਸਾਰ ਕੰਮਕਾਰ ਬਾਰੇ ਫ਼ੈਸਲਾ ਕਰਾਂਗੇ।" ਗੌਰਤਲਬ ਹੈ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਵਿਚ ਵਿਗੜ ਰਹੀ ਸਥਿਤੀ ਕਾਰਨ ਕਈ ਆਟੋ ਕੰਪਨੀਆਂ ਨੇ ਕੁਝ ਦਿਨਾਂ ਲਈ ਉਤਪਾਦਨ ਬੰਦ ਕਰ ਦਿੱਤਾ ਹੈ ਜਾਂ ਮੰਗ ਅਨੁਸਾਰ ਉਤਪਾਦਨ ਵਿਚ ਕਮੀ ਕਰ ਦਿੱਤੀ ਹੈ।


Sanjeev

Content Editor

Related News