NSE ਦੇ ਚੇਅਰਮੈਨ ਅਹੁਦੇ ਤੋਂ ਅਸ਼ੋਕ ਚਾਵਲਾ ਨੇ ਦਿੱਤਾ ਅਸਤੀਫਾ

Friday, Jan 11, 2019 - 09:48 PM (IST)

NSE ਦੇ ਚੇਅਰਮੈਨ ਅਹੁਦੇ ਤੋਂ ਅਸ਼ੋਕ ਚਾਵਲਾ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਨੈਸ਼ਨਲ ਸਟਾਕ ਐਕਸਚੇਂਜ ਤੋਂ ਅਸ਼ੋਕ ਚਾਵਲਾ ਨੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਅਸਤੀਫਾ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ ਇਸ ਸਾਲ ਮਾਰਚ 'ਚ ਖਤਮ ਹੋਣ ਵਾਲਾ ਸੀ। ਅਸ਼ੋਕ ਚਾਵਲਾ ਗੁਜਰਾਤ ਕੈਡਰ ਦੇ ਆਈ.ਏ.ਐੱਸ. ਅਧਿਕਾਰੀ ਹਨ। ਅਸ਼ੋਕ ਚਾਵਲਾ ਨੂੰ ਸਾਲ 2016 'ਚ ਐੱਨ.ਐੱਸ.ਈ. ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਕਾਰਜਕਾਲ 27 ਮਾਰਚ 2019 ਨੂੰ ਖਤਮ ਹੋ ਰਿਹਾ ਸੀ। ਉਥੇ ਹੀ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਪ੍ਰਾਇਵੇਟ ਸੈਕਟਰ ਦੇ ਬੈਂਕ ਯਸ ਬੈਂਕ ਦੇ ਗੈਰ-ਕਾਰਜਕਾਰੀ ਚੇਅਰਮੈਨ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਸੀ। ਇਸ ਤੋਂ ਇਲਾਵਾ ਏਵੀਏਸ਼ਨ ਕੰਪਨੀ ਜੈਟ ਏਅਰਵੇਜ਼ ਦੇ ਬੋਰਡ 'ਚ ਅਸ਼ੋਕ ਚਾਵਲਾ ਸ਼ਾਮਲ ਹਨ।

ਐੱਨ.ਐੱਸ.ਈ. ਦੇ ਚੇਅਰਮੈਨ ਬਣਨ ਤੋਂ ਪਹਿਲਾਂ ਅਸ਼ੋਕ ਚਾਵਲਾ ਕਈ ਅਹਿਮ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਚਾਵਲਾ ਭਾਰਤੀ ਮੁਕਾਬਲਾ ਕਮਿਸ਼ਨ ਦੇ ਮੁਖੀ ਰਹਿ ਚੁੱਕੇ ਹਨ। ਨਾਲ ਹੀ ਉਹ ਵਿੱਤ ਸਕੱਤਰ ਤੇ ਨਾਗਰ ਹਵਾਬਾਜ਼ੀ ਸਕੱਤਰ ਸਣੇ ਕਈ ਦੂਜੇ ਅਹੁਦਿਆਂ 'ਤੇ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸਰਕਾਰੀ ਬੈਂਕ ਐੱਸ.ਬੀ.ਆਈ. ਦੇ ਡਾਇਰੈਕਟਰ ਅਹੁਦੇ 'ਤੇ ਵੀ ਚਾਵਲਾ 13 ਮਈ 2009 ਤੋਂ 31 ਜਨਵਰੀ 2011 ਤਕ ਆਪਣੀ ਸੇਵਾਵਾਂ ਦੇ ਚੁੱਕੇ ਹਨ। ਇੰਨਾ ਹੀ ਨਹੀਂ ਐੱਲ.ਆਈ.ਸੀ. ਦੇ ਡਾਇਰੈਕਟਰ ਅਹੁਦੇ 'ਤੇ ਵੀ ਚਾਵਲਾ ਰਹਿ ਚੁੱਕੇ ਹਨ।


author

Inder Prajapati

Content Editor

Related News