PM ਦੀ ‘ਆਸ਼ਾ ਯੋਜਨਾ’ ਤੋਂ ਕਿਸਾਨਾਂ ’ਚ ਨਿਰਾਸ਼ਾ, ਸਿਰਫ 3 ਫ਼ੀਸਦੀ ਟੀਚਾ ਹੋਇਆ ਪੂਰਾ

12/07/2019 7:54:00 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਅੰਨਦਾਤਾ ਆਮਦਨ ਸੁਰੱਖਿਆ ਅਭਿਆਨ (ਪੀ. ਐੱਮ.-ਆਸ਼ਾ ਯੋਜਨਾ) ਤਹਿਤ ਸਰਕਾਰ ਚਾਲੂ ਮੌਸਮ ’ਚ ਕਿਸਾਨਾਂ ਤੋਂ ਤੈਅ ਟੀਚੇ ਦੀ ਫਸਲ ਦਾ ਸਿਰਫ 3 ਫ਼ੀਸਦੀ ਖਰੀਦ ਕਰ ਸਕੀ ਹੈ। ਦਲਹਨ ਅਤੇ ਤਿਲਹਨ ਫਸਲ ਦਾ ਕਿਸਾਨਾਂ ਨੂੰ ਬਿਹਤਰ ਮੁੱਲ ਦਿਵਾਉਣ ਲਈ ਕੇਂਦਰ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਸੀ।

 

ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਕੁਲ 37.59 ਲੱਖ ਮੀਟ੍ਰਿਕ ਟਨ ਦਲਹਨ ਅਤੇ ਤਿਲਹਨ ਸਰਕਾਰ ਕਿਸਾਨਾਂ ਤੋਂ ਖਰੀਦਣ ਵਾਲੀ ਸੀ, ਜਦੋਂ ਕਿ ਹੁਣ ਤੱਕ 1.08 ਲੱਖ ਟਨ ਦਲਹਨ ਅਤੇ ਤਿਲਹਨ ਦੀ ਖਰੀਦ ਹੀ ਹੋ ਸਕੀ ਹੈ। 3 ਦਸੰਬਰ ਨੂੰ ਲੋਕਸਭਾ ’ਚ ਪੇਸ਼ ਡਾਟਾ ’ਚ ਇਹ ਖੁਲਾਸਾ ਹੋਇਆ ਹੈ। ਯੋਜਨਾ ਨੂੰ ਅਪਣਾਉਣ ਵਾਲੇ 11 ਸੂਬਿਆਂ ’ਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਓਡਿਸ਼ਾ ’ਚ ਹੁਣ ਤੱਕ ਖਰੀਦਦਾਰੀ ਵੀ ਸ਼ੁਰੂ ਨਹੀਂ ਹੋ ਸਕੀ ਹੈ। ਪੀ. ਐੱਮ.-ਆਸ਼ਾ ਯੋਜਨਾ ਦਾ ਐਲਾਨ ਸਤੰਬਰ 2018 ’ਚ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਕਿਸਾਨਾਂ ਤੋਂ ਹਰ ਸਾਲ ਘੱਟੋ-ਘੱਟ ਸਮਰਥਨ ਮੁੱਲ ’ਤੇ ਦਲਹਨ ਅਤੇ ਤਿਲਹਨ ਦੀ ਖਰੀਦਦਾਰੀ ਸਰਕਾਰ ਵੱਲੋਂ ਕੀਤੀ ਜਾਣੀ ਸੀ।

ਕੇਂਦਰ ਸਰਕਾਰ ਨੇ ਯੋਜਨਾ ਦੇ ਮਦ ’ਚ 15,053 ਕਰੋਡ਼ ਰੁਪਏ ਦੇ ਬਜਟ ਦਾ ਐਲਾਨ ਕੀਤਾ ਸੀ ਜੋ 2 ਸਾਲ ਲਈ ਹੈ। ਇਸ ਤੋਂ ਇਲਾਵਾ 16,550 ਕਰੋਡ਼ ਰੁਪਏ ਦੀ ਕ੍ਰੈਡਿਟ ਗਾਰੰਟੀ ਪ੍ਰਾਈਵੇਟ ਏਜੰਸੀਆਂ ਲਈ ਸੀ। ਯੋਜਨਾ ਦੀ ਸ਼ੁਰੂਆਤ ’ਚ ਮੰਤਰੀ ਮੰਡਲ ਦੇ ਬਿਆਨ ’ਚ ਕਿਹਾ ਗਿਆ ਸੀ, ਸਰਕਾਰ ਇਕ ਪੂਰਨ ਕੋਸ਼ਿਸ਼ ਨਾਲ ਕੰਮ ਕਰ ਰਹੀ ਹੈ। ਘੱਟੋ-ਘੱਟ ਸਮਰਥਨ ਮੁੱਲ ਵਧਾਉਣਾ ਕਾਫੀ ਨਹੀਂ ਹੈ, ਸਗੋਂ ਕਿਸਾਨਾਂ ਨੂੰ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਮਿਲਣਾ ਚਾਹੀਦਾ ਹੈ, ਇਹ ਜ਼ਿਆਦਾ ਜ਼ਰੂਰੀ ਹੈ।’’

ਇਸ ਮੌਸਮ ਦੀਆਂ ਮੁੱਖ ਦਾਲਾਂ ਅਤੇ ਤਿਲਹਨ ਮੂੰਗੀ, ਮਾਂਹ, ਅਰਹਰ, ਮੂੰਗਫਲੀ ਤੇ ਸੋਇਆਬੀਨ ਹਨ। ਮਾਨਸੂਨ ਦੇਰ ਨਾਲ ਆਉਣ ਕਾਰਣ ਇਨ੍ਹਾਂ ਅਨਾਜਾਂ ਦੀ ਬੀਜਾਈ ਅਤੇ ਕਟਾਈ ਦੋਵਾਂ ’ਚ ਤੈਅ ਤੋਂ ਜ਼ਿਆਦਾ ਸਮਾਂ ਲੱਗਾ ਹੈ। ਖਾਸ ਕਰ ਕੇ ਅਰਹਰ ਦਾਲ ਦੇ ਲਈ। ਇਹੀ ਵਜ੍ਹਾ ਹੈ ਕਿ ਖਰੀਦਦਾਰੀ ਵੀ ਫਰਵਰੀ ਦੇ ਮਹੀਨੇ ਤੱਕ ਚੱਲਦੀ ਰਹੇਗੀ।


Related News