ਸਰਕਾਰ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ ਕਰ ਸਕਦੀ ਹੈ ਕਟੌਤੀ!
Saturday, Jan 23, 2021 - 09:49 PM (IST)
ਨਵੀਂ ਦਿੱਲੀ- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਵੀਂ ਉਚਾਈ 'ਤੇ ਪਹੁੰਚ ਗਈਆਂ ਹਨ। ਇਸ ਵਿਚਕਾਰ ਖ਼ਬਰ ਹੈ ਕਿ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਐਕਸਾਈਜ਼ ਡਿਊਟੀ ਵਿਚ ਕਟੌਤੀ ਬਾਰੇ ਵਿਚਾਰ ਕਰ ਰਹੀ ਹੈ। ਮਨੀਕੰਟਰੋਲ ਦੀ ਰਿਪੋਰਟ ਮੁਤਾਬਕ, ਇਕ ਸੂਤਰ ਨੇ ਕਿਹਾ, ''ਜਦੋਂ ਕੱਚੇ ਤੇਲ ਦੀਆਂ ਗਲੋਬਲ ਕੀਮਤਾਂ ਘੱਟ ਸਨ ਤਾਂ ਐਕਸਾਈਜ਼ ਡਿਊਟੀ ਵਧਾ ਦਿੱਤੀ ਗਈ ਸੀ। ਹੁਣ ਸਰਕਾਰ ਕਟੌਤੀ ਬਾਰੇ ਵਿਚਾਰ ਕਰ ਰਹੀ ਹੈ।"
ਇਸ ਵਿਚਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 23 ਜਨਵਰੀ ਨੂੰ ਦਿੱਲੀ ਵਿਚ ਕ੍ਰਮਵਾਰ 85.70 ਰੁਪਏ ਅਤੇ 75.88 ਰੁਪਏ ਪ੍ਰਤੀ ਲਿਟਰ ਦੇ ਉੱਚ ਪੱਧਰ ਨੂੰ ਛੂਹ ਗਈਆਂ ਹਨ। ਮੁੰਬਈ ਵਿਚ ਵੀ ਪੈਟਰੋਲ ਦੀਆਂ ਕੀਮਤਾਂ ਵੱਧ ਕੇ 92.28 ਰੁਪਏ ਤੇ ਡੀਜ਼ਲ ਦੀਆਂ 82.66 ਰੁਪਏ ਪ੍ਰਤੀ ਲਿਟਰ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ।
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਸਾਊਦੀ ਵੱਲੋਂ ਉਤਪਾਦਨ ਵਿਚ ਕਟੌਤੀ ਨੂੰ ਤੇਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ ਸੀ ਪਰ ਟੈਕਸ ਵਿਚ ਕਟੌਤੀ ਕਰਨ ਬਾਰੇ ਉਨ੍ਹਾਂ ਕੋਈ ਵਚਨ ਨਹੀਂ ਦਿੱਤਾ।
ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਨੇ ਲਗਭਗ ਇਕ ਮਹੀਨੇ ਦੇ ਅੰਤਰਾਲ ਤੋਂ ਬਾਅਦ 6 ਜਨਵਰੀ ਨੂੰ ਰੋਜ਼ਾਨਾ ਕੀਮਤਾਂ ਵਿਚ ਮੁੜ ਸੋਧ ਸ਼ੁਰੂ ਕੀਤੀ ਸੀ। ਉਦੋਂ ਤੋਂ ਪੈਟਰੋਲ 1.99 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 2.01 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਆਖ਼ਰੀ ਵਾਰ 4 ਅਕਤੂਬਰ, 2018 ਨੂੰ ਪੈਟਰੋਲ ਅਤੇ ਡੀਜ਼ਲ ਕੀਮਤਾਂ ਨੇ ਰਿਕਾਰਡ ਉੱਚੇ ਪੱਧਰ ਨੂੰ ਛੂਹਿਆ ਸੀ। ਉਸ ਸਮੇਂ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 1.50 ਰੁਪਏ ਪ੍ਰਤੀ ਲਿਟਰ ਘਟਾ ਦਿੱਤੀ ਸੀ। ਇਸ ਦੇ ਨਾਲ ਹੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵੀ ਕੀਮਤਾਂ ਵਿਚ 1 ਰੁਪਏ ਦੀ ਕਮੀ ਕੀਤੀ ਸੀ। ਇਸ ਵਾਰ ਹੁਣ ਤੱਕ ਡਿਊਟੀ ਵਿਚ ਕਟੌਤੀ ਦੇ ਸੰਕੇਤ ਨਹੀਂ ਮਿਲੇ ਹਨ।