ਸਸਤੀ ਹੋਵੇਗੀ ਅਰਹਰ ਦਾਲ, 50 ਹਜ਼ਾਰ ਟਨ ਮਾਲਾਵੀ ਤੋਂ ਹੋ ਰਹੀ ਦਰਾਮਦ
Friday, Jun 25, 2021 - 09:39 AM (IST)
ਨਵੀਂ ਦਿੱਲੀ- ਮਹਿੰਗੀ ਹੁੰਦੀ ਅਰਹਰ ਦਾਲ ਦੀਆਂ ਕੀਮਤਾਂ ਕਾਬੂ ਕਰਨ ਲਈ ਸਰਕਾਰ ਨਵੇਂ ਸਿਰੇ ਤੋਂ ਜੁਟ ਗਈ ਹੈ। ਰਿਪੋਰਟਾਂ ਮੁਤਾਬਕ, ਦੱਖਣੀ ਪੂਰਬੀ ਅਫਰੀਕੀ ਦੇਸ਼ ਮਾਲਾਵੀ ਤੋਂ ਹਰ ਸਾਲ 50 ਹਜ਼ਾਰ ਟਨ ਅਰਹਰ ਦਾਲ ਦਰਾਮਦ ਕੀਤੀ ਜਾਵੇਗੀ। ਇਹ ਵਿਵਸਥਾ ਅਗਲੇ ਪੰਜ ਸਾਲਾਂ ਲਈ ਕੀਤੀ ਗਈ ਹੈ। ਇਸ ਕਦਮ ਨਾਲ ਅਰਹਰ ਦਾਲ ਦੀਆਂ ਕੀਮਤਾਂ ਕਾਬੂ ਵਿਚ ਰਹਿਣ ਦੀ ਸੰਭਾਵਨਾ ਹੈ।
ਵਣਜ ਮੰਤਰਾਲਾ ਦੀ ਇਕਾਈ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਫ. ਟੀ.) ਨੇ ਕੱਲ੍ਹ ਹੀ ਦੱਖਣੀ ਪੂਰਬੀ ਅਫਰੀਕਾ ਦੇ ਦੇਸ਼ ਮਾਲਾਵੀ ਤੋਂ 50,000 ਟਨ ਦਾਲ ਦੀ ਦਰਾਮਦ ਲਈ ਇਕ ਸਹਮਿਤੀ ਪੱਤਰ ਸਮਝੌਤੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ।
ਡੀ. ਜੀ. ਐੱਫ. ਟੀ. ਨੇ ਵੀਰਵਾਰ ਨੂੰ ਜਾਰੀ ਇਕ ਜਨਤਕ ਨੋਟਿਸ ਵਿਚ ਕਿਹਾ ਕਿ ਭਾਰਤ ਅਗਲੇ ਪੰਜ ਵਿੱਤੀ ਸਾਲਾਂ 2021-22-2025-26 ਦੌਰਾਨ ਨਿੱਜੀ ਵਪਾਰ ਜ਼ਰੀਏ ਮਾਲਾਵੀ ਤੋਂ ਹਰ ਸਾਲ 50,000 ਟਨ ਅਰਹਰ ਦਾਲ ਦੀ ਦਰਾਮਦ ਦਾ ਕੋਟਾ ਜਾਰੀ ਕਰੇਗਾ। ਡੀ. ਜੀ. ਐੱਫ. ਟੀ. ਨੇ ਦੂਜੇ ਨੋਟੀਫਿਕੇਸ਼ਨ ਵਿਚ ਭਾਰਤ ਅਤੇ ਮਿਆਂਮਾਰ ਵਿਚਕਾਰ ਹੋਏ ਸਮਝੌਤੇ ਤਹਿਤ ਇਸ ਦੌਰਾਨ 2,50,000 ਟਨ ਮਾਂਹ ਦਾਲ ਅਤੇ 1,00,000 ਟਨ ਅਰਹਰ ਦਾਲ ਦੀ ਦਰਾਮਦ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ। ਇਸ ਸਮੇਂ ਅਰਹਰ ਦਾਲ ਦੀ ਪ੍ਰਚੂਨ ਕੀਮਤ 100 ਰੁਪਏ ਤੋਂ ਵੱਧ ਹੋ ਗਈ ਹੈ।