ਕਣਕ ਅਤੇ ਸਰ੍ਹੋਂ ਦਾ ਰਕਬਾ ਪਿਛਲੇ ਸਾਲ ਤੋਂ ਬਿਹਤਰ
Saturday, Nov 05, 2022 - 04:02 PM (IST)

ਨਵੀਂ ਦਿੱਲੀ- ਦੋ ਮੁੱਖ ਹਾੜ੍ਹੀ ਦੀਆਂ ਫ਼ਸਲਾਂ ਕਣਕ ਅਤੇ ਸਰ੍ਹੋਂ ਦੀ ਬਿਜਾਈ ਨੇ 4 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ 'ਚ ਹੋਰ ਤੇਜ਼ੀ ਫੜੀ ਹੈ। ਕਣਕ ਦਾ ਰਕਬਾ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ 'ਚ 436 ਫੀਸਦੀ ਵਧ ਗਿਆ ਹੈ। ਸਰ੍ਹੋਂ ਦੇ ਮਾਮਲੇ 'ਚ ਫਸਲ ਆਮ ਤੌਰ 'ਤੇ 64 ਲੱਖ ਹੈਕਟੇਅਰ 'ਚ ਬੀਜੀ ਜਾਂਦੀ ਹੈ। ਇਸ 'ਚੋਂ ਸ਼ੁੱਕਰਵਾਰ ਤੱਕ ਕਰੀਬ 46 ਲੱਖ ਹੈਕਟੇਅਰ (76 ਫੀਸਦੀ) ਰਕਬੇ 'ਚ ਬਿਜਾਈ ਕੀਤੀ ਜਾ ਚੁੱਕੀ ਹੈ।
ਵਪਾਰੀਆਂ ਨੇ ਕਿਹਾ ਹੈ ਕਿ ਅਗਲੇ 10-15 ਦਿਨਾਂ 'ਚ ਸਰ੍ਹੋਂ ਦੀ ਜ਼ਿਆਦਾਤਰ ਬਿਜਾਈ ਦਾ ਕੰਮ ਪੂਰਾ ਹੋ ਜਾਣਾ ਚਾਹੀਦਾ ਹੈ ਜੋ ਕਿ ਇਕ ਚੰਗਾ ਸੰਕੇਤ ਹੈ ਅਤੇ ਜੇਕਰ ਕੁਝ ਮਹੀਨੇ ਮੌਸਮ ਦਾ ਸਾਥ ਮਿਲ ਜਾਂਦਾ ਹੈ ਤਾਂ ਵੱਡੀ ਫ਼ਸਲ ਯਕੀਨੀ ਹੋਣੀ ਚਾਹੀਦੀ।
ਕਣਕ ਦੇ ਮਾਮਲੇ 'ਚ ਸ਼ੁਰੂਆਤੀ ਬਿਜਾਈ ਦੇ ਰੁਝਾਨ ਤੋਂ ਸੰਕੇਤ ਮਿਲਦਾ ਹੈ ਕਿ ਉੱਤਰੀ ਸੂਬਿਆਂ ਜਿਵੇਂ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਇੱਥੋਂ ਤੱਕ ਕਿ ਗੁਜਰਾਤ ਦੇ ਕਿਸਾਨ ਛੋਲੇ ਅਤੇ ਦਾਲਾਂ ਵਰਗੀਆਂ ਮੁਕਾਬਲੇ ਵਾਲੀਆਂ ਫ਼ਸਲਾਂ ਤੋਂ ਕਣਕ ਦੇ ਵੱਲ ਰੁਖ ਕਰ ਰਹੇ ਹਨ। ਇਸ ਨਾਲ ਰਕਬੇ 'ਚ ਵਾਧਾ ਹੋ ਸਕਦਾ ਹੈ।
ਕੁਝ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਸ ਸਾਲ ਕਣਕ ਦੀ ਬਿਜਾਈ ਵਧ ਸਕਦੀ ਹੈ ਕਿਉਂਕਿ ਕਿਸਾਨ ਪਿਛਲੇ ਸਾਲ ਦੀਆਂ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੁੰਦੇ ਹਾਂ ਜਦੋਂ ਫਸਲ ਦੇ ਸੀਜ਼ਨ ਦੇ ਅੰਤ 'ਚ ਅਚਾਨਕ ਤਾਪਮਾਨ ਵਧਣ ਨਾਲ ਪ੍ਰਤੀ ਹੈਕਟੇਅਰ ਪੈਦਾਵਾਰ ਘੱਟ ਹੋ ਗਈ ਸੀ। ਕੁੱਲ ਮਿਲਾ ਕੇ 4 ਨਵੰਬਰ ਤੱਕ ਸਭ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ 97.4 ਲੱਖ ਹੈਕਟੇਅਰ 'ਚ ਕੀਤੀ ਗਈ ਹੈ ਜੋ ਪਿਛਲੇ ਸਾਲ ਦੀ ਸਮਾਨ ਮਿਆਦ ਤੋਂ ਲਗਭਗ 17 ਫੀਸਦੀ ਵੱਧ ਹੈ।
ਇਸ ਦੌਰਾਨ ਭਾਰਤ ਦੇ ਮੌਸਮ ਵਿਭਾਗ ਨੇ ਆਪਣੇ ਨਵੰਬਰ ਦੇ ਪੂਰਵ ਅਨੁਮਾਨ 'ਚ ਕਿਹਾ ਹੈ ਕਿ ਉੱਤਰ ਭਾਰਤ 'ਚ ਗੰਭੀਰ ਸਰਦੀਆਂ ਖਤਮ ਹੋ ਸਕਦੀਆਂ ਹਨ ਕਿਉਂਕਿ ਵੱਧ ਤੋਂ ਵੱਧ ਤਾਪਮਾਨ ਆਮ 'ਤੋਂ ਉੱਪਰ ਰਹੇਗਾ। ਜਿੱਥੋਂ ਤੱਕ ਨਮੀ ਦੇ ਪੱਧਰ ਦਾ ਸਵਾਲ ਹੈ, ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਭਰ 'ਚ ਮਾਨਸੂਨ ਤੋਂ ਬਾਅਦ ਦੀ ਬਾਰਿਸ਼ ਨਵੰਬਰ 'ਚ ਆਮ ਨਾਲੋਂ ਲਗਭਗ 23 ਫ਼ੀਸਦੀ ਜ਼ਿਆਦਾ ਹੋਣ ਦੀ ਉਮੀਦ ਹੈ ਕਿਉਂਕਿ ਦੇਸ਼ ਦੇ ਦੱਖਣੀ ਹਿੱਸਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ। ਨਵੰਬਰ 'ਚ ਪੂਰੇ ਭਾਰਤ 'ਚ ਰਾਸ਼ਟਰੀ ਔਸਤ ਵਰਖਾ ਲਗਭਗ 29.7 ਮਿਲੀਮੀਟਰ ਹੈ।
ਮੀਂਹ ਨਾਲ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ 'ਚ ਹੋਰ ਮਦਦ ਮਿਲੇਗੀ। ਦੇਸ਼ ਭਰ 'ਚ ਅਕਤੂਬਰ 'ਚ ਆਮ ਨਾਲੋਂ ਲਗਭਗ 47 ਫ਼ੀਸਦੀ ਜ਼ਿਆਦਾ ਬਾਰਿਸ਼ ਹੋਣ ਕਾਰਨ ਮਿੱਟੀ ਦੀ ਨਮੀ ਦਾ ਪੱਧਰ ਪਹਿਲਾਂ ਤੋਂ ਹੀ ਚੰਗਾ ਹੈ। ਇਸ ਦੌਰਾਨ ਕੀਮਤਾਂ ਦੇ ਮੋਰਚੇ 'ਤੇ ਖੁੱਲ੍ਹੇ ਬਾਜ਼ਾਰ 'ਚ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ 'ਚ ਕਣਕ ਦੇ ਭਾਅ ਕਰੀਬ ਲਗਭਗ 2700 ਰੁਪਏ ਪ੍ਰਤੀ ਕੁਇੰਟਲ 'ਤੇ ਕਾਰੋਬਾਰ ਕਰ ਰਿਹਾ ਹੈ, ਜੋ ਕਿ ਕੁਝ ਮਹੀਨੇ ਪਹਿਲਾਂ ਤੱਕ 2400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਲੀ ਜਾ ਰਹੀ ਸੀ।