ਬੰਗਾਲ ਸਰਕਾਰ ਨੇ ਤਾਜਪੁਰ ਸਮੁੰਦਰੀ ਬੰਦਰਗਾਹ ਲਈ ਅਡਾਨੀ ਸਮੂਹ ਨੂੰ ਇਰਾਦਾ ਪੱਤਰ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ
Tuesday, Sep 20, 2022 - 02:21 PM (IST)
 
            
            ਕੋਲਕਾਤਾ : ਬੰਗਾਲ ਸਰਕਾਰ ਨੇ ਤਾਜਪੁਰ ਵਿਖੇ ਨਵੀਂ ਸਮੁੰਦਰੀ ਬੰਦਰਗਾਹ ਵਿਕਸਤ ਕਰਨ ਲਈ ਅਡਾਨੀ ਬੰਦਰਗਾਹਾਂ ਅਤੇ ਵਿਸ਼ੇਸ਼ ਆਰਥਿਕ ਜ਼ੋਨ ਨੂੰ ਇਰਾਦਾ ਪੱਤਰ ਜਾਰੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕੋਲਕਾਤਾ 'ਚ 25,000 ਕਰੋੜ ਰੁਪਏ ਦੇ ਨਿਵੇਸ਼ ਦਾ ਰਾਹ ਪੱਧਰਾ ਹੋ ਗਿਆ ਹੈ। ਬੀਤੇ ਦਿਨੀਂ ਹੋਈ ਰਾਜ ਮੰਤਰੀ ਮੰਡਲ ਦੀ ਬੈਠਕ 'ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।
ਮੀਟਿੰਗ ਤੋਂ ਬਾਅਦ ਕੈਬਨਿਟ ਦੇ ਸ਼ਹਿਰੀ ਵਿਕਾਸ ਮੰਤਰੀ ਫਿਰਹਾਦ ਹਕੀਮ ਨੇ ਕਿਹਾ ਕਿ ਪੱਛਮੀ ਬੰਗਾਲ ਮੈਰੀਟਾਈਮ ਬੋਰਡ ਪ੍ਰਾਜੈਕਟ ਲਈ ਸਭ ਤੋਂ ਵੱਡੀ ਬੋਲੀ ਦੇਣ ਵਾਲੇ ਅਡਾਨੀ ਸਮੂਹ ਨੂੰ ਇਰਾਦਾ ਪੱਤਰ ਜਾਰੀ ਕਰੇਗਾ। ਤਾਜਪੁਰ ਬੰਦਰਗਾਹ ਦੇ ਵਿਕਾਸ ਲਈ ਸਫ਼ਲ ਬੋਲੀ ਕਾਰ ਅਡਾਨੀ ਬੰਦਰਗਾਹਾਂ ਅਤੇ ਵਿਸ਼ੇਸ਼ ਆਰਥਿਕ ਜ਼ੋਨ ਨੂੰ ਇਰਾਦਾ ਪੱਤਰ ਜਾਰੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
ਹਕੀਮ ਨੇ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਨਾਲ 25,000 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਬੰਦਰਗਾਹ ਦੇ ਵਿਕਾਸ ਵਿੱਚ 15,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੰਦਰਗਾਹ ਨਾਲ ਸਬੰਧਤ ਬੁਨਿਆਦੀ ਢਾਂਚਾ ਵਿਕਾਸ ਅਤੇ ਸਰਕਾਰੀ ਨਿਵੇਸ਼ 10,000 ਕਰੋੜ ਰੁਪਏ ਹੋਵੇਗਾ। ਇਸ ਵਿੱਚ ਕੁੱਲ ਮਿਲਾ ਕੇ 25,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।ਇਸ ਨਾਲ ਅਸਿੱਧੇ ਤੌਰ 'ਤੇ ਇੱਕ ਲੱਖ ਤੋਂ ਵੱਧ ਨੌਕਰੀਆਂ ਦੇ ਮੈਕੇ ਪੈਦਾ ਹੋਣਗੇ।
ਜ਼ਿਕਰਯੋਗ ਹੈ ਕਿ ਤਾਜਪੁਰ ਬੰਦਰਗਾਹ ਨੂੰ ਲੈ ਕੇ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਮਮਤਾ ਸਰਕਾਰ ਨੇ ਇਸ ਨੂੰ ਆਪਣੇ ਤੌਰ 'ਤੇ ਬਣਾਉਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਇਸ ਬੰਦਰਗਾਹ ਦੇ ਨਿਰਮਾਣ ਨੂੰ ਲੈ ਕੇ ਕੇਂਦਰ ਨਾਲ ਮਸ਼ਵਰਾ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਅਪ੍ਰੈਲ 2022 ਵਿੱਚ ਮਮਤਾ ਕੋਲਕਾਤਾ ਵਿੱਚ ਆਯੋਜਿਤ ਬੰਗਾਲ ਗਲੋਬਲ ਬਿਜ਼ਨਸ ਸਮਿਟ ਲਈ ਉਦਯੋਗਪਤੀਆਂ ਨੂੰ ਸੱਦਾ ਦੇਣ ਲਈ ਮੁੰਬਈ ਗਈ ਸੀ।ਇਸ ਸੰਦਰਭ 'ਚ ਹੀ ਉਦਯੋਗਪਤੀ ਗੌਤਮ ਅਡਾਨੀ ਨੇ ਪਿਛਲੇ ਸਾਲ ਦਸੰਬਰ ਵਿੱਚ ਮੁੰਬਈ ਵਿੱਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਦੌਰਾਨ ਤਾਜਪੁਰ ਬੰਦਰਗਾਹ ਵਿੱਚ ਨਿਵੇਸ਼ ਕਰਨ ਦਾ ਪ੍ਰਸਤਾਵ ਰੱਖਿਆ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            