ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, Apple ਨੇ ਭਾਰਤ 'ਚ ਸਸਤੇ ਕੀਤੇ ਫੋਨ

Saturday, Sep 15, 2018 - 03:54 PM (IST)

ਨਵੀਂ ਦਿੱਲੀ— ਆਈਫੋਨ ਦੇ ਸ਼ੌਕੀਨਾਂ ਲਈ ਚੰਗੀ ਖਬਰ ਹੈ। ਅਮਰੀਕੀ ਕੰਪਨੀ ਐਪਲ ਨੇ ਹਾਲ ਹੀ 'ਚ ਤਿੰਨ ਨਵੇਂ ਆਈਫੋਨ ਲਾਂਚ ਕੀਤੇ ਹਨ ਅਤੇ ਭਾਰਤ 'ਚ ਇਨ੍ਹਾਂ ਦੇ ਲਾਂਚ ਹੋਣ ਤੋਂ ਪਹਿਲਾਂ ਉਸ ਨੇ ਮੌਜੂਦਾ ਫੋਨ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਐਪਲ ਨੇ ਜਿਨ੍ਹਾਂ ਫੋਨਾਂ ਦੀ ਕੀਮਤ 'ਚ ਕਟੌਤੀ ਕੀਤੀ ਹੈ ਉਨ੍ਹਾਂ 'ਚ ਆਈਫੋਨ-6 ਐੱਸ, 6-ਐੱਸ ਪਲਸ, ਆਈਫੋਨ-7 ਅਤੇ ਆਈਫੋਨ-10 ਸ਼ਾਮਲ ਹਨ। ਆਈਫੋਨ-6 ਐੱਸ (32 ਜੀਬੀ) ਹੁਣ 29,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਸ ਦੀ ਕੀਮਤ 42,900 ਰੁਪਏ ਸੀ। 32 ਜੀਬੀ ਵਾਲੇ ਆਈਫੋਨ-6 ਐੱਸ ਪਲਸ ਦੀ ਕੀਮਤ 34,900 ਰੁਪਏ ਹੈ। ਇਸੇ ਤਰ੍ਹਾਂ ਆਈਫੋਨ-7 (32 ਜੀਬੀ) ਦੀ ਕੀਮਤ ਘਟਾ ਕੇ 39,900 ਰੁਪਏ ਕਰ ਦਿੱਤੀ ਗਈ ਹੈ, ਜੋ ਪਹਿਲਾਂ 52,370 ਰੁਪਏ ਸੀ।

ਉੱਥੇ ਹੀ ਪਿਛਲੇ ਸਾਲ ਜ਼ੋਰ-ਸ਼ੋਰ ਨਾਲ ਲਾਂਚ ਕੀਤੇ ਗਏ ਆਈਫੋਨ-8 ਅਤੇ ਆਈਫੋਨ-10 ਦੀਆਂ ਕੀਮਤਾਂ 'ਚ ਵੀ ਕਟੌਤੀ ਕੀਤੀ ਗਈ ਹੈ। ਆਈਫੋਨ-8 (64 ਜੀਬੀ) ਹੁਣ 59,900 ਰੁਪਏ 'ਚ ਉਪਲੱਬਧ ਹੈ, ਫਰਵਰੀ 'ਚ ਇਸ ਦੀ ਕੀਮਤ 67,940 ਰੁਪਏ ਸੀ। ਆਈਫੋਨ-10 (64 ਜੀਬੀ) ਹੁਣ 91,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਫਰਵਰੀ 'ਚ 64 ਜੀਬੀ ਵਾਲੇ ਆਈਫੋਨ-10 ਦੀ ਕੀਮਤ 95,390 ਰੁਪਏ ਸੀ। ਆਈਫੋਨ-10 ਦੇ 256 ਜੀਬੀ ਮਾਡਲ ਦੀ ਕੀਮਤ 1,08,930 ਰੁਪਏ ਤੋਂ ਘਟਾ ਕੇ 1,06,900 ਰੁਪਏ ਕਰ ਦਿੱਤੀ ਗਈ ਹੈ। 

ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ 'ਚ ਸਰਕਾਰ ਨੇ ਬਜਟ 'ਚ ਮੋਬਾਇਲ ਫੋਨਾਂ 'ਤੇ ਡਿਊਟੀ 15 ਫੀਸਦੀ ਤੋਂ ਵਧਾ ਕੇ 20 ਫੀਸਦੀ ਕੀਤੀ ਸੀ, ਜਿਸ ਦੇ ਬਾਅਦ ਐਪਲ ਨੇ ਆਈਫੋਨ ਐੱਸ. ਈ. ਨੂੰ ਛੱਡ ਕੇ ਬਾਕੀ ਸਾਰੇ ਮਾਡਲਾਂ ਦੀ ਕੀਮਤ ਵਧਾ ਦਿੱਤੀ ਸੀ ਪਰ ਹੁਣ ਨਵੇਂ ਆਈਫੋਨ ਲਾਂਚ ਕਰਨ ਦੇ ਬਾਅਦ ਪਹਿਲੇ ਮਾਡਲਾਂ ਦੀ ਕੀਮਤਾਂ 'ਚ ਵੱਡੀ ਕਟੌਤੀ ਕਰ ਦਿੱਤੀ ਗਈ ਹੈ। ਐਪਲ ਨੇ ਤਿੰਨ ਨਵੇਂ ਆਈਫੋਨ ਐਕਸ (ਐੱਸ), ਆਈਫੋਨ ਐਕਸ (ਐੱਸ ਮੈਕਸ) ਅਤੇ ਆਈਫੋਨ ਐਕਸ (ਆਰ) ਲਾਂਚ ਕੀਤੇ ਹਨ। ਭਾਰਤ 'ਚ ਆਈਫੋਨ ਐਕਸ (ਐੱਸ) 28 ਸਤੰਬਰ ਤੋਂ ਉਪਲੱਬਧ ਹੋਵੇਗਾ, ਜਦੋਂ ਕਿ ਆਈਫੋਨ ਐਕਸ (ਆਰ) 26 ਅਕਤੂਬਰ ਤੋਂ ਉਪਲੱਬਧ ਹੋਵੇਗਾ।


Related News