ਅਨਿਲ ਅੰਬਾਨੀ ਕਾਨੂੰਨੀ ਬਦਲ ਦੀ ਭਾਲ ’ਚ, ਰਿਲਾਇੰਸ ਗਰੁੱਪ ਦੀਆਂ 2 ਕੰਪਨੀਆਂ ਨੇ ਕਿਹਾ-ਸੇਬੀ ਦੀ ਰੋਕ ਦਾ ਕੋਈ ਅਸਰ ਨਹੀਂ

Monday, Aug 26, 2024 - 10:40 AM (IST)

ਅਨਿਲ ਅੰਬਾਨੀ ਕਾਨੂੰਨੀ ਬਦਲ ਦੀ ਭਾਲ ’ਚ, ਰਿਲਾਇੰਸ ਗਰੁੱਪ ਦੀਆਂ 2 ਕੰਪਨੀਆਂ ਨੇ ਕਿਹਾ-ਸੇਬੀ ਦੀ ਰੋਕ ਦਾ ਕੋਈ ਅਸਰ ਨਹੀਂ

ਨਵੀਂ ਦਿੱਲੀ (ਭਾਸ਼ਾ) - ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਮਾਰਕੀਟ ਰੈਗੂਲੇਟਰ ਸੇਬੀ ਦੇ ਐਕਸ਼ਨ ਤੋਂ ਬਾਅਦ ਹੋਰ ਕਾਨੂੰਨੀ ਬਦਲ ਭਾਲ ਰਹੇ ਹਨ। ਅੰਬਾਨੀ ਦੇ ਪ੍ਰਮੋਟਰ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੇ ਰਿਲਾਇੰਸ ਇਨਫਰਾਸਟਰੱਕਚਰ ਅਤੇ ਰਿਲਾਇੰਸ ਪਾਵਰ ਦੇ ਬੋਰਡ ਵੱਲੋਂ 11 ਫਰਵਰੀ 2022 ਨੂੰ ਸੇਬੀ ਦੇ ਅੰਤ੍ਰਿਮ ਹੁਕਮ ਅਨੁਸਾਰ ਅਸਤੀਫਾ ਦੇ ਦਿੱਤਾ ਸੀ ਅਤੇ ਪਿਛਲੇ ਢਾਈ ਸਾਲਾਂ ਤੋਂ ਇਸ ਹੁਕਮ ਦੀ ਪਾਲਣਾ ਕਰ ਰਹੇ ਹਨ।

ਪ੍ਰਮੋਟਰ ਵੱਲੋਂ ਇਹ ਬਿਆਨ ਉਦੋਂ ਆਇਆ ਹੈ ਜਦੋਂ ਸੇਬੀ ਨੇ 22 ਅਗਸਤ 2024 ਨੂੰ ਰਿਲਾਇੰਸ ਹੋਮ ਫਾਈਨਾਂਸ ਨਾਲ ਕਥਿਤ ਫੰਡ ਡਾਇਵਰਜਨ ਦੇ ਦੋਸ਼ ’ਚ 25 ਕਰੋਡ਼ ਰੁਪਏ ਦਾ ਭਾਰੀ ਜੁਰਮਾਨਾ ਲਾ ਦਿੱਤਾ ਸੀ ਅਤੇ ਅਨਿਲ ਅੰਬਾਨੀ ’ਤੇ ਸ਼ੇਅਰ ਬਾਜ਼ਾਰ ਵੱਲੋਂ 5 ਸਾਲ ਲਈ ਰੋਕ ਲਾ ਦਿੱਤੀ ਸੀ।

ਪ੍ਰਮੋਟਰ ਨੇ ਬਿਆਨ ’ਚ ਕਿਹਾ,“ਅਨਿਲ ਅੰਬਾਨੀ ਨੇ 22 ਅਗਸਤ ਨੂੰ ਸੇਬੀ ਵੱਲੋਂ ਪਾਸ ਅੰਤਿਮ ਹੁਕਮ ਦੀ ਸਮੀਖਿਆ ਕੀਤੀ ਹੈ ਅਤੇ ਕਾਨੂੰਨੀ ਸਲਾਹ ਅਨੁਸਾਰ ਅੱਗੇ ਦੇ ਉਚਿਤ ਕਦਮ ਉਠਾਉਣਗੇ।”

ਰਿਲਾਇੰਸ ਇਨਫਰਾਸਟਰੱਕਚਰ ਨੇ ਕਿਹਾ ਕਿ ਉਸ ਖਿਲਾਫ ਕੋਈ ਨਿਰਦੇਸ਼ ਨਹੀਂ

ਇਕ ਵੱਖ ਬਿਆਨ ’ਚ ਰਿਲਾਇੰਸ ਇਨਫਰਾਸਟਰੱਕਚਰ ਨੇ ਕਿਹਾ ਕਿ ਕੰਪਨੀ ਸੇਬੀ ਦੇ ਜਿਸ ਹੁਕਮ ਤਹਿਤ ਕਾਰਵਾਈ ਕੀਤੀ ਗਈ ਹੈ, ਉਸ ’ਚ ਕੋਈ ਪੱਖਕਾਰ ਜਾਂ ਨੋਟਿਸੀ ਨਹੀਂ ਸੀ। ਕੰਪਨੀ ਨੇ ਕਿਹਾ,“ਰਿਲਾਇੰਸ ਇਨਫਰਾਸਟਰੱਕਚਰ ਖਿਲਾਫ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਅਨਿਲ ਅੰਬਾਨੀ ਨੇ ਸੇਬੀ ਦੀਆਂ ਇਨ੍ਹਾਂ ਕਾਰਵਾਈਆਂ ਤਹਿਤ 11 ਫਰਵਰੀ, 2022 ਨੂੰ ਜਾਰੀ ਅੰਤ੍ਰਿਮ ਹੁਕਮ ਅਨੁਸਾਰ ਰਿਲਾਇੰਸ ਇਨਫਰਾਸਟਰੱਕਚਰ ਦੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।’’

ਰਿਲਾਇੰਸ ਪਾਵਰ ਖਿਲਾਫ ਕੋਈ ਨਿਰਦੇਸ਼ ਨਹੀਂ

ਇਸੇ ਤਰ੍ਹਾਂ ਦੇ ਬਿਆਨ ’ਚ ਰਿਲਾਇੰਸ ਪਾਵਰ ਨੇ ਵੀ ਕਿਹਾ ਕਿ ਕੰਪਨੀ ਸੇਬੀ ਦੇ ਉਸ ਹੁਕਮ ਤਹਿਤ ਕੋਈ ਪੱਖਕਾਰ ਜਾਂ ਨੋਟਿਸੀ ਨਹੀਂ ਸੀ, ਜਿਸ ’ਚ ਹੁਕਮ ਪਾਸ ਕੀਤਾ ਗਿਆ ਸੀ। ਰਿਲਾਇੰਸ ਪਾਵਰ ਖਿਲਾਫ ਹੁਕਮ ’ਚ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਬਿਆਨ ’ਚ ਕਿਹਾ ਗਿਆ ਕਿ ਇਸ ਲਈ, 22 ਅਗਸਤ ਨੂੰ ਪਾਸ ਸੇਬੀ ਦੇ ਆਦੇਸ਼ ਦਾ ਰਿਲਾਇੰਸ ਪਾਵਰ ਦੇ ਬਿਜ਼ਨੈੱਸ ਅਤੇ ਹੋਰ ਕੰਮਾਂ ’ਤੇ ਕੋਈ ਅਸਰ ਨਹੀਂ ਪੈਂਦਾ ਹੈ।

ਕੀ ਹੈ ਮਾਮਲਾ

ਧਿਆਨਯੋਗ ਹੈ ਕਿ ਰਿਲਾਇੰਸ ਹੋਮ ਫਾਈਨਾਂਸ ਵੱਲੋਂ ਕ​ਥਿਤ ਤੌਰ ’ਤੇ ਰਕਮ ਦੀ ਹੇਰਾ-ਫੇਰੀ ਨਾਲ ਜੁਡ਼ੇ ਮਾਮਲੇ ’ਚ ਸੇਬੀ ਨੇ ਅਨਿਲ ਅੰਬਾਨੀ ਨੂੰ ਬਾਜ਼ਾਰ ’ਚ ਲੈਣ-ਦੇਣ ਕਰਨ ਤੋਂ 5 ਸਾਲਾਂ ਤੱਕ ਰੋਕ ਦਿੱਤਾ ਹੈ। ਸੇਬੀ ਨੇ ਅੰਬਾਨੀ ਅਤੇ ਉਨ੍ਹਾਂ ਦੀਆਂ ਕੰਪਨੀਆਂ ਅਤੇ ਉਨ੍ਹਾਂ ਦੇ ਸਾਬਕਾ ਨਿਰਦੇਸ਼ਕਾਂ ਸਮੇਤ 27 ਇੰਡਿਵਿਜੁਅਲਸ ਅਤੇ ਐਂਟਿਟੀਜ਼ ’ਤੇ 624 ਕਰੋਡ਼ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।


author

Harinder Kaur

Content Editor

Related News