ਅਮਰੀਕੀ ਬਾਜ਼ਾਰ ਮਿਲੇ-ਜੁਲੇ, ਡਾਓ 1.6 ਅੰਕ ਡਿੱਗ ਕੇ ਬੰਦ
Wednesday, Jun 13, 2018 - 07:54 AM (IST)

ਵਾਸ਼ਿੰਗਟਨ— ਟਰੰਪ ਅਤੇ ਕਿਮ ਵਿਚਕਾਰ ਸਮਝੌਤੇ ਤੋਂ ਬਾਅਦ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ। ਕਿਮ ਦੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਪਲਾਨ ਬਾਰੇ ਪੂਰੀ ਜਾਣਕਾਰੀ ਸਾਹਮਣੇ ਨਾ ਆਉਣ ਨਾਲ ਨਿਵੇਸ਼ਕਾਂ ਦੀ ਕਾਰੋਬਾਰੀ ਧਾਰਨਾ ਕਮਜ਼ੋਰ ਰਹੀ। ਟਰੰਪ ਨੇ ਕਿਹਾ ਹੈ ਕਿ ਦੱਖਣੀ ਕੋਰੀਆ 'ਤੇ ਫਿਲਹਾਲ ਤਦ ਤਕ ਪਾਬੰਦੀਆਂ ਕਾਇਮ ਰਹਿਣਗੀਆਂ ਜਦੋਂ ਤਕ ਉਹ ਪ੍ਰਮਾਣੂ ਹਥਿਆਰ ਖਤਮ ਕਰਨਾ ਸ਼ੁਰੂ ਨਹੀਂ ਕਰ ਦਿੰਦਾ। ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਦੁਸ਼ਮਣੀ ਖਤਮ ਹੋਣ ਅਤੇ ਕੋਰੀਆ ਖੇਤਰ 'ਚ ਸ਼ਾਂਤੀ ਬਹਾਲ ਹੋਣ ਦੀ ਉਮੀਦ ਨਾਲ ਜਾਪਾਨ ਦੇ ਬਾਜ਼ਾਰ ਕੱਲ 0.33 ਫੀਸਦੀ ਤਕ ਚੜ੍ਹ ਕੇ ਬੰਦ ਹੋਏ ਸਨ।
ਇਸ ਵਿਚਕਾਰ ਮੰਗਲਵਾਰ ਨੂੰ ਡਾਓ ਜੋਂਸ 1.6 ਅੰਕ ਕਮਜ਼ੋਰ ਹੋ ਕੇ 25,320.72 ਦੇ ਪੱਧਰ 'ਤੇ ਬੰਦ ਹੋਇਆ। ਡਾਓ 'ਚ ਟਰੈਵਲਰਜ਼ ਕੰਪਨੀਜ਼ ਅਤੇ ਗੋਲਡਮੈਨ ਸਾਕਸ 'ਚ ਵੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਐੱਸ. ਐਂਡ. ਪੀ.-500 ਇੰਡੈਕਸ 0.17 ਫੀਸਦੀ ਚੜ੍ਹ ਕੇ 2,786.85 ਦੇ ਪੱਧਰ 'ਤੇ ਬੰਦ ਹੋਇਆ। ਯੂਟਿਲਟੀਜ਼ ਸਟਾਕਸ 'ਚ ਤੇਜ਼ੀ ਨਾਲ ਐੱਸ. ਐਂਡ. ਪੀ.-500 ਇੰਡੈਕਸ ਨੂੰ ਉਪਰ ਚੜ੍ਹਨ 'ਚ ਮਦਦ ਮਿਲੀ। ਉੱਥੇ ਹੀ ਨੈਸਡੈਕ ਕੰਪੋਜਿਟ 0.57 ਫੀਸਦੀ ਵਧ ਕੇ 7,703.79 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 'ਚ ਫੇਸਬੁੱਕ, ਐਪਲ, ਐਮਾਜ਼ੋਨ, ਨੈਟਫਲਿਕਸ ਅਤੇ ਅਲਫਾਬੇਟ ਸਭ 'ਚ ਤੇਜ਼ੀ ਰਹੀ।