ਅਮਰੀਕਾ ਦੇ ਨਵੇਂ ਟੈਰਿਫ ਨਾਲ ਭਾਰਤ ਨੂੰ ਨਹੀਂ ਹੋਵੇਗਾ ਕੋਈ ਨੁਕਸਾਨ: ਪੀਯੂਸ਼ ਗੋਇਲ

Saturday, Nov 09, 2024 - 12:34 AM (IST)

ਅਮਰੀਕਾ ਦੇ ਨਵੇਂ ਟੈਰਿਫ ਨਾਲ ਭਾਰਤ ਨੂੰ ਨਹੀਂ ਹੋਵੇਗਾ ਕੋਈ ਨੁਕਸਾਨ: ਪੀਯੂਸ਼ ਗੋਇਲ

ਬਿਜਨੈਸ ਡੈਸਕ - ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਉਨ੍ਹਾਂ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਆਯਾਤ ਟੈਰਿਫ ਵਿੱਚ ਸੰਭਾਵਿਤ ਵਾਧੇ ਨਾਲ ਭਾਰਤ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਅਮਰੀਕੀ ਉਤਪਾਦਾਂ 'ਤੇ ਟੈਰਿਫ ਘਟਾਉਣ 'ਤੇ ਵਿਚਾਰ ਕਰ ਸਕਦਾ ਹੈ, ਜਿਨ੍ਹਾਂ ਦਾ ਭਾਰਤ 'ਚ ਕੋਈ ਮੁਕਾਬਲਾ ਨਹੀਂ ਹੈ, ਜਿਵੇਂ ਕਿ ਹਾਰਲੇ-ਡੇਵਿਡਸਨ ਬਾਈਕ।

ਸ਼ੁੱਕਰਵਾਰ ਨੂੰ ਮੁੰਬਈ 'ਚ ਬਿਜ਼ਨੈੱਸ ਟੂਡੇ ਦੇ 'ਮੋਸਟ ਪਾਵਰਫੁੱਲ ਵੂਮੈਨ 2024' ਈਵੈਂਟ 'ਚ ਬੋਲਦਿਆਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ, 'ਅਸੀਂ ਟੈਰਿਫ ਨੂੰ ਲੈ ਕੇ ਚਿੰਤਤ ਨਹੀਂ ਹਾਂ। ਜੇਕਰ ਚੀਨ 'ਤੇ ਟੈਰਿਫ ਵਧਾਇਆ ਜਾਂਦਾ ਹੈ ਤਾਂ ਭਾਰਤ ਨੂੰ ਇਸ ਦਾ ਫਾਇਦਾ ਹੋਵੇਗਾ ਅਤੇ ਭਾਵੇਂ ਇਹ ਵਧਦਾ ਹੈ, ਅਸੀਂ ਅਜੇ ਵੀ ਉਸੇ ਸਥਿਤੀ ਵਿੱਚ ਹੋਵਾਂਗੇ। ਭਾਰਤ ਨੂੰ ਭਰੋਸੇਮੰਦ ਭਾਈਵਾਲ ਵਜੋਂ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਨੇ ਇਹ ਜਵਾਬ ਟਰੰਪ ਦੇ ਭਾਰਤ 'ਤੇ ਸੰਭਾਵਿਤ ਟੈਰਿਫ ਵਧਾਉਣ ਦੇ ਸਵਾਲ 'ਤੇ ਦਿੱਤਾ। ਗੋਇਲ ਨੇ ਕਿਹਾ ਕਿ ਭਾਵੇਂ ਟਰੰਪ ਇਕ-ਦੋ ਵਾਰ ਭਾਰਤ 'ਤੇ ਉੱਚ ਟੈਰਿਫ ਦੀ ਗੱਲ ਕਰ ਚੁੱਕੇ ਹਨ ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਵੀ ਕੀਤੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਉਹ ਭਾਰਤ ਨੂੰ ਪਸੰਦ ਕਰਦੇ ਹਨ।

ਗੋਇਲ ਨੇ ਕਿਹਾ, 'ਡੋਨਾਲਡ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਰਤ ਨੂੰ ਪਸੰਦ ਕਰਦੇ ਹਨ। ਉਹ ਭਾਰਤ ਦੇ ਲੋਕਾਂ ਨੂੰ ਪਸੰਦ ਕਰਦੇ ਹਨ ਅਤੇ ਭਾਰਤ ਨਾਲ ਵਪਾਰ ਵਧਾਉਣਾ ਚਾਹੁੰਦੇ ਹਨ। ਉਹ ਆਪਣੇ ਚੰਗੇ ਦੋਸਤ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨਾ ਚਾਹੁੰਦੇ ਹਨ, ਇਸ ਲਈ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਸਾਬਕਾ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਥਾਈਜ਼ਰ ਨਾਲ ਚੰਗੇ ਸਬੰਧ ਹਨ, ਜੋ ਪਿਛਲੇ ਟਰੰਪ ਪ੍ਰਸ਼ਾਸਨ ਦਾ ਹਿੱਸਾ ਸਨ ਅਤੇ ਹੁਣ ਨਵੇਂ ਪ੍ਰਸ਼ਾਸਨ ਵਿਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਗੋਇਲ ਨੇ ਕਿਹਾ ਕਿ ਜੇਕਰ ਉਹ ਯੂ.ਐਸ.ਟੀ.ਆਰ. ਵਜੋਂ ਵਾਪਸ ਆਉਂਦੇ ਹਨ ਤਾਂ ਇਹ ਬਹੁਤ ਵਧੀਆ ਹੋਵੇਗਾ।

ਹਾਰਲੇ-ਡੇਵਿਡਸਨ ਬਾਈਕ 'ਤੇ ਟੈਰਿਫ ਘਟਾਉਣ ਬਾਰੇ ਪੁੱਛੇ ਜਾਣ 'ਤੇ ਗੋਇਲ ਨੇ ਕਿਹਾ, 'ਸਾਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਅਜਿਹੇ ਉਤਪਾਦਾਂ ਲਈ ਜਿਨ੍ਹਾਂ ਦਾ ਭਾਰਤ ਵਿੱਚ ਕੋਈ ਮੁਕਾਬਲਾ ਨਹੀਂ ਹੈ, ਜਿਵੇਂ ਕਿ ਭਾਰੀ ਬਾਈਕ, ਜੋ ਅਸੀਂ ਖੁਦ ਨਹੀਂ ਬਣਾਉਂਦੇ, ਸਾਨੂੰ ਅਜਿਹੀ ਬੇਨਤੀ 'ਤੇ ਵਿਚਾਰ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਨਿਰਯਾਤ ਭਾਈਵਾਲ ਹੈ, ਜਿਸ ਦਾ ਵਿੱਤੀ ਸਾਲ 2024 ਵਿੱਚ ਕੁੱਲ ਨਿਰਯਾਤ 77.5 ਬਿਲੀਅਨ ਡਾਲਰ ਸੀ ਅਤੇ ਕੁੱਲ ਦੁਵੱਲਾ ਵਪਾਰ ਲਗਭਗ 120 ਬਿਲੀਅਨ ਡਾਲਰ ਸੀ। ਟਰੰਪ ਦੀ ਆਰਥਿਕ ਨੀਤੀ ਸਾਰੇ ਆਯਾਤ 'ਤੇ ਟੈਰਿਫ ਵਧਾਉਣ 'ਤੇ ਧਿਆਨ ਕੇਂਦਰਤ ਕਰ ਸਕਦੀ ਹੈ, ਜਿਸ ਨਾਲ ਚੀਨ ਲਈ 60% ਅਤੇ ਦੂਜੇ ਦੇਸ਼ਾਂ ਲਈ 10% ਤੱਕ ਵਾਧਾ ਹੋਣ ਦੀ ਉਮੀਦ ਹੈ।


author

Inder Prajapati

Content Editor

Related News