ਹਲਦੀਰਾਮ ਅਤੇ ਬੀਕਾਨੇਰ ਭੁਜੀਆ ਨੂੰ ਸਿੱਧੇ ਟੱਕਰ ਦੇਣ ਦੀ ਤਿਆਰੀ ’ਚ ਅੰਬਾਨੀ
Tuesday, Oct 04, 2022 - 11:02 AM (IST)

ਨਵੀਂ ਦਿੱਲੀ- ਪਿਛਲੇ ਦਿਨੀਂ ਸਾਫਟ ਡ੍ਰਿੰਕ ਬ੍ਰਾਂਡ ਕੈਂਪਾ ਦੇ ਕਬਜ਼ੇ ਤੋਂ ਬਾਅਦ ਰਿਲਾਇੰਸ ਰਿਟੇਲ ਆਪਣੇ ਪੋਰਟਫੋਲੀਓ ਨੂੰ ਹੋਰ ਵਧਾ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ ਮੁਕੇਸ਼ ਅੰਬਾਨੀ ਹੁਣ ਇੰਦੌਰ ਦੀ ਪ੍ਰਸਿੱਧ ‘ਆਕਾਸ਼ ਨਮਕੀਨ’ ਨੂੰ ਖਰੀਦਣ ਦੀ ਤਿਆਰੀ ਕਰ ਰਹੇ ਹਨ। ਆਕਾਸ਼ ਨਮਕੀਨ ਨੂੰ ਖਰੀਦ ਕੇ ਹੁਣ ਅੰਬਾਨੀ ਹਲਦੀਰਾਮ ਅਤੇ ਬੀਕਾਨੇਕ ਭੁਜੀਆ ਨੂੰ ਸਿੱਧੇ ਟਕੱਰ ਦੇਣ ਦੀ ਤਿਆਰੀ ਕਰ ਰਹੇ ਹਨ। ਅਜੇ ਇਸ ਸੈਕਟਰ ’ਚ ਹਲਦੀਰਾਮ, ਪੈਪਸੀਕੋ, ਬਾਲਾਜੀ, ਆਈ. ਟੀ. ਸੀ. ਅਤੇ ਬਿਕਾਨੋ ਦਾ ਚੰਗਾ ਦਬਦਬਾ ਹੈ। ਹੁਣ ਅੰਬਾਨੀ ਦੇ ਇਸ ਕਦਮ ਨਾਲ ਇਨ੍ਹਾਂ ਕੰਪਨੀਆਂ ਨੂੰ ਸਿੱਧੀ ਟਕੱਰ ਮਿਲੇਗੀ।
ਮੁਕੇਸ਼ ਅੰਬਾਨੀ ਨੇ ਨਮਕੀਨ ਸੈਕਟਰ ’ਚ ਐਵੇਂ ਹੀ ਦਾਅ ਨਹੀਂ ਲਾਇਆ ਹੈ। ਦਰਅਸਲ ਦੇਸ਼ ’ਚ ਨਮਕੀਨ ਖਾਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ, ਇਸ ਲਈ ਇਸ ਸੈਕਟਰ ਨਾਲ ਜੁੜੀਆਂ ਕੰਪਨੀਆਂ ਨਵੇਂ-ਨਵੇਂ ਪ੍ਰੋਡਕਟ ਬਾਜ਼ਾਰ ’ਚ ਲਿਆਉਂਦੀਆਂ ਰਹਿੰਦੀਆਂ ਹਨ। ਇਕ ਰਿਪੋਰਟ ਮੁਤਾਬਿਕ ਸਾਲ 2026 ਤੱਕ ਨਮਕੀਨ ਬਾਜ਼ਾਰ ਦੇ 2.88 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ, ਇਸ ਲਈ ਅੰਬਾਨੀ ਦੀ ਰਿਲਾਇੰਸ ਇਸ ਖੇਤਰ ’ਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ।
ਇਸ ਵਜ੍ਹਾ ਨਾਲ ਵੇਚੀ ਜਾ ਰਹੀ ਕੰਪਨੀ
ਲੋਕਾਂ ਦੇ ਮਨ ’ਚ ਇਹ ਵੀ ਸਵਾਲ ਹੈ ਜੇਕਰ ਨਮਕੀਨ ਬਾਜ਼ਾਰ ਵੱਧ ਰਿਹਾ ਹੈ ਤਾਂ ਫਿਰ ਆਕਾਸ਼ ਨਮਕੀਨ ਕਿਉਂ ਵਿਕ ਰਹੀ ਹੈ। ਦਰਅਸਲ ਨਮਕੀਨ ਸੈਕਟਰ ’ਚ ਮੁਕਾਬਲੇਬਾਜ਼ੀ ਕਾਫ਼ੀ ਵੱਧ ਗਈ ਹੈ। ਜਾਣਕਾਰ ਦੱਸਦੇ ਹਨ ਕਿ ਹੁਣ ਇਸ ਸੈਕਟਰ ’ਚ ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਆ ਗਈਆਂ ਹਨ। ਆਉਣ ਵਾਲੇ ਸਮੇਂ ’ਚ ਇਸ ਸੈਕਟਰ ’ਚ ਮੁਕਾਬਲੇਬਾਜ਼ੀ ਹੋਰ ਵੱਧਣ ਦੀ ਉਮੀਦ ਹੈ। ਅਜਿਹੇ ’ਚ ਆਕਾਸ਼ ਨਮਕੀਨ ਨੂੰ ਇਸ ਬਾਜ਼ਾਰ ’ਚ ਅਗੇ ਵੱਧਣ ਅਤੇ ਆਪਣੇ ਪੈਰ ਜਮਾਏ ਰਹਿਣ ’ਚ ਪ੍ਰੇਸ਼ਾਨੀਆਂ ਆਉਂਦੀਆਂ। ਜਾਣਕਾਰਾਂ ਮੁਤਾਬਕ ਇਸ ਕਾਰਨ ਇਸ ਨੂੰ ਵੇਚਿਆ ਜਾ ਰਿਹਾ ਹੈ।
ਆਕਾਸ਼ ਨਮਕੀਨ ਦੀ ਸਾਲ 1936 ’ਚ ਹੋਈ ਸੀ ਸ਼ੁਰੂਆਤ
ਆਕਾਸ਼ ਨਮਕੀਨ ਦੀ ਸ਼ੁਰੂਆਤ ਸਾਲ 1936 ’ਚ ਮੱਧ ਪ੍ਰਦੇਸ਼ ਦੀ ਬਿਜ਼ਨੈੱਸ ਕੈਪੀਟਲ ਇੰਦੌਰ ਤੋਂ ਹੋਈ ਸੀ। ਕੰਪਨੀ ਕੋਲ ਇੰਦੌਰ ’ਚ ਮੈਨੂਫੈਕਚਰਿੰਗ ਪਲਾਂਟ ਹੈ। 7 ਕੋ-ਪੈਂਕਿੰਗ ਯੂਨਿਟ ਵੀ ਹਨ। ਪੂਰਬੀ ਭਾਰਤ ’ਚ 4, ਉੱਤਰੀ ਭਾਰਤ ’ਚ 2 ਅਤੇ ਪੱਛਮੀ ਭਾਰਤ ’ਚ 1 ਯੂਨਿਟ ਅਮਰੀਕਾ, ਯੂਰਪ, ਮਿਡਲ ਈਸਟ, ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ’ਚ ਇਸ ਦੇ ਪ੍ਰੋਡਕਟ ਐਕਸਪੋਟ ਹੁੰਦੇ ਹਨ। ਇਕ ਰਿਪੋਰਟ ਮੁਤਾਬਕ ਕੰਪਨੀ ਰੋਜ਼ 40 ਟਨ ਤੋਂ ਜ਼ਿਆਦਾ ਨਮਕੀਨ ਦੇ 1,00,000 ਤੋਂ ਜ਼ਿਆਦਾ ਪੈਕੇਟ ਭਰਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।