ਐਮਾਜ਼ੋਨ, ਫਲਿੱਪਕਾਰਟ ਪਲੇਟਫਾਰਮ ''ਤੇ 3 ਮਹੀਨਿਆਂ ਤੋਂ ਬੰਦ ਹੈ ਭਾਰੀ ਛੋਟ

05/16/2019 12:15:57 PM

ਕੋਲਕਾਤਾ — ਦੇਸ਼ ਦੀਆਂ ਦੋ ਸਭ ਤੋਂ ਵੱਡੀਆਂ ਈ-ਕਮਾਰਸ ਕੰਪਨੀਆਂ ਫਲਿੱਪਕਾਰਟ ਅਤੇ ਐਮਾਜ਼ੋਨ ਦੇ ਪਲੇਟਫਾਰਮ 'ਤੇ ਪਹਿਲਾਂ ਜਿਹੜੇ ਵੱਡੇ ਡਿਸਕਾਊਂਟ ਮਿਲਿਆ ਕਰਦੇ ਸਨ, ਉਸ ਤਰ੍ਹਾਂ ਦੇ ਡਿਸਕਾਊਂਟ ਹੁਣ ਪਿਛਲੇ ਤਿੰਨ ਮਹੀਨਿਆਂ ਤੋਂ ਨਹੀਂ ਮਿਲ ਰਹੇ ਹਨ। ਦੇਸ਼ ਦੀਆਂ ਵੱਡੀਆਂ ਕੰਜ਼ਿਊਮਰ ਕੰਪਨੀਆਂ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪਲੇਟਫਾਰਮ 'ਤੇ ਹੁਣ ਕੋਈ ਵੀ ਸਮਾਨ ਲਾਗਤ ਤੋਂ ਘੱਟ ਕੀਮਤ 'ਤੇ ਨਹੀਂ ਵੇਚਿਆ ਜਾ ਰਿਹਾ ਹੈ। ਹਾਲਾਂਕਿ ਫਲਿੱਪਕਾਰਟ ਅਤੇ ਐਮਾਜ਼ੋਨ ਕੋਲ ਜਿਹੜੇ ਆਪਣੇ ਬ੍ਰਾਂਡ ਹਨ, ਉਨ੍ਹਾਂ 'ਤੇ ਜ਼ਿਆਦਾ ਛੋਟ ਮਿਲ ਸਕਦੀ ਹੈ। ਇਸ ਸਾਲ ਫਰਵਰੀ 'ਚ ਈ-ਕਮਾਰਸ 'ਚ ਸੋਧੀ ਵਿਦੇਸ਼ੀ ਨਿਵੇਸ਼ ਨੀਤੀ ਦੇ ਲਾਗੂ ਹੋ ਜਾਣ ਤੋਂ ਬਾਅਦ ਇਸ ਖੇਤਰ ਦੀਆਂ ਕੰਪਨੀਆਂ ਜ਼ਿਆਦਾ ਸਾਵਧਾਨੀ ਵਰਤ ਰਹੀਆਂ  ਹਨ।

ਦੋਵੇਂ ਕੰਪਨੀਆਂ ਨਵੀਂ ਸਰਕਾਰ ਦਾ ਇੰਤਜ਼ਾਰ ਕਰ ਰਹੀਆਂ ਹਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਸ ਸਮੇਂ ਉਹ ਆਫਲਾਈਨ ਟ੍ਰੇਡ ਲਾਬੀ ਦਾ ਤੋੜ ਕੱਢ ਸਕਣਗੀਆਂ। ਇਸ ਲਾਬੀ ਦੇ ਕੋਲ ਵੱਡਾ ਵੋਟ ਬੈਂਕ ਹੈ ਅਤੇ ਉਹ ਸਰਕਾਰ ਅਤੇ ਸਿਆਸੀ ਪਾਰਟੀਆਂ ਤੋਂ ਈ-ਕਾਮਰਸ 'ਤੇ ਭਾਰੀ ਛੋਟ ਬੰਦ ਕਰਵਾਉਣ ਲਈ ਲਾਬਿੰਗ ਕਰਵਾ ਰਿਹਾ ਹੈ। ਇਹ ਜਾਣਕਾਰੀ ਵੱਡੀ ਕੰਪਨੀਆਂ ਦੇ ਚਾਰ ਅਧਿਕਾਰੀਆਂ ਨੇ ਦਿੱਤੀ ਹੈ। ਕੁਝ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਛੋਟ ਦਾ ਬੰਦ ਹੋਣਾ ਆਨ ਲਾਈਨ ਮਾਰਕਿਟ ਦੇ ਮਜ਼ਬੂਤ ਹੋਣ ਦਾ ਸੰਕੇਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਈ-ਕਾਮਰਸ ਕੰਪਨੀਆਂ ਹੁਣ ਮੁਨਾਫੇ 'ਚ ਆਉਣ 'ਤੇ ਧਿਆਨ ਦੇ ਰਹੀਆਂ ਹਨ। 

10 -30 ਫੀਸਦੀ ਤੱਕ ਘੱਟ ਹੋਈ ਛੋਟ

ਮੋਬਾਇਲ ਫੋਨ, ਫੈਸ਼ਨ ਅਤੇ ਲਾਈਫਸਟਾਈਲ ਕੰਪਨੀਆਂ ਨੇ ਦੱਸਿਆ ਕਿ ਫਰਵਰੀ ਤੋਂ ਇਸ ਮਹੀਨੇ ਹੁਣ ਤੱਕ ਇਨ੍ਹਾਂ ਚੀਜਾਂ 'ਤੇ ਛੋਟ ਪਿਛਲੇ ਸਾਲ ਦੀ ਮਿਆਦ ਦੀ ਤੁਲਨਾ 'ਚ 10-30 ਫੀਸਦੀ ਤੱਕ ਘੱਟ ਹੋ ਗਈ ਹੈ। ਭਾਰਤ ਦੇ ਈ-ਕਾਮਰਸ ਕਾਰੋਬਾਰ 'ਚ ਇਨ੍ਹਾਂ ਉਤਪਾਦਾਂ ਦੀ ਹਿੱਸੇਦਾਰੀ 80 ਫੀਸਦੀ ਦੇ ਕਰੀਬ ਹੈ। ਉਨ੍ਹਾਂ ਨੇ ਦੱਸਿਆ ਕਿ ਫਲਿੱਪਕਾਰਟ ਅਤੇ ਐਮਾਜ਼ੋਨ ਕੋਲ ਫੰਡ ਦੀ ਕਮੀ ਨਹੀਂ ਹੈ, ਇਸ ਦੇ ਬਾਵਜੂਦ ਛੋਟ ਦੀ ਫੀਸਦੀ 'ਚ ਕਮੀ ਕੀਤੀ ਜਾ ਰਹੀ ਹੈ। ਵੈਸੇ ਦੋਵੇਂ ਕੰਪਨੀਆਂ ਅਜੇ ਵੀ ਸਮੇਂ-ਸਮੇਂ 'ਤੇ ਸੇਲ ਦਾ ਆਯੋਜਨ ਕਰਦੀਆਂ ਰਹਿੰਦੀਆਂ ਹਨ। 

ਪਿਊਮਾ ਇੰਡੀਆ ਦੇ ਐਮ.ਡੀ. ਅਭਿਸ਼ੇਕ ਨੇ ਦੱਸਿਆ, ' ਭਾਰੀ ਛੋਟ ਦਾ ਦੌਰ ਗੁਜ਼ਰ ਚੁੱਕਾ ਹੈ।' ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਮਾਰਚ ਦੇ ਵਿਚ ਮਾਰਕਿਟ ਪਲੇਸ 'ਤੇ ਛੋਟ 'ਚ 11-14 ਫੀਸਦੀ ਦੀ ਕਮੀ ਆਈ ਹੈ। ਇਕਹੋਰ ਮਾਰਕਿਟ ਐਗਜ਼ੀਕਿਊਟਿਵ ਨੇ ਦੱਸਿਆ ਕਿ  ਫੁੱਲ ਪ੍ਰਾਈਸ 'ਤੇ ਵਿਕਣ ਵਾਲੇ ਸਮਾਨਾਂ ਦੀ ਸੰਖਿਆ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਛੋਟ ਘੱਟ ਹੋਣ ਦਾ ਕਾਰਨ ਇਹ ਵੀ ਹੈ ਕਿ ਕੰਪਨੀਆਂ ਹੁਣ ਮੁਨਾਫਾ ਕਮਾਉਣ ਵੱਲ ਧਿਆਨ ਦੇ ਰਹੀਆਂ ਹਨ।


Related News