ਅਲਾਇੰਸ ਏਅਰ ਦਾ ਬੋਰਡ ਆਫ ਡਾਇਰੈਕਟਰਜ਼ ਪਾਇਲਟਾਂ ਦੀ ਤਨਖਾਹ ਦੀ ਬਹਾਲੀ ’ਤੇ ਚਰਚਾ ਕਰੇਗਾ

Saturday, Sep 03, 2022 - 06:47 PM (IST)

ਅਲਾਇੰਸ ਏਅਰ ਦਾ ਬੋਰਡ ਆਫ ਡਾਇਰੈਕਟਰਜ਼ ਪਾਇਲਟਾਂ ਦੀ ਤਨਖਾਹ ਦੀ ਬਹਾਲੀ ’ਤੇ ਚਰਚਾ ਕਰੇਗਾ

ਨਵੀਂ ਦਿੱਲੀ (ਭਾਸ਼ਾ) – ਸਰਕਾਰੀ ਹਵਾਬਾਜ਼ੀ ਕੰਪਨੀ ਅਲਾਇੰਸ ਏਅਰ ਨੇ ਆਪਣੇ ਪਾਇਲਟਾਂ ਨੂੰ ਭਰੋਸਾ ਦਿੱਤਾ ਹੈ ਕਿ ਤਨਖਾਹ ਨੂੰ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਬਹਾਲ ਕਰਨ ਬਾਰੇ ਕੰਪਨੀ ਦਾ ਬੋਰਡ ਆਫ ਡਾਇਰੈਕਟਰਜ਼ ਇਸ ਮਹੀਨੇ ਦੇ ਅਖੀਰ ’ਚ ਚਰਚਾ ਕਰੇਗਾ। ਏਅਰਲਾਈਨ ਦੇ ਪਾਇਲਟਾਂ ਦਾ ਇਕ ਸਮੂਹ ਸ਼ੁੱਕਰਵਾਰ ਨੂੰ ਹੜਤਾਲ ’ਤੇ ਚਲਾ ਗਿਆ ਸੀ, ਜਿਸ ਕਾਰਨ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ।

ਇਕ ਸੂਤਰ ਮੁਤਾਬਕ ਇਸ ਹੜਤਾਲ ਤੋਂ ਬਾਅਦ ਏਅਰਲਾਈਨ ਨੇ ਪਾਇਲਟਾਂ ਨੂੰ ਭਰੋਸਾ ਦਿੱਤਾ ਹੈ ਕਿ ਤਨਖਾਹ ਸਬੰਧੀ ਮੁੱਦਿਆਂ ’ਤੇ ਵਿਚਾਰ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਪਾਇਲਟ ਹੜਤਾਲ ਖਤਮ ਕਰ ਕੇ ਆਪਣੇ ਕੰਮ ’ਤੇ ਪਰਤ ਆਏ। ਸਰਕਾਰ ਦੀ ਮਲਕੀਅਤ ਵਾਲੀ ਅਲਾਇੰਸ ਏਅਰ ਰੋਜ਼ਾਨਾ ਕਰੀਬ 100 ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਸ ਕੋਲ 21 ਜਹਾਜ਼ਾਂ ਦਾ ਬੇੜਾ ਹੈ। ਏਅਰਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੀਤ ਸੂਦ ਨੇ ਪਾਇਲਟਾਂ ਨੂੰ ਭੇਜੇ ਸੰਦੇਸ਼ ’ਚ ਕਿਹਾ ਕਿ ਅਪ੍ਰੈਲ ’ਚ ਉਨ੍ਹਾਂ ਦੀ ਤਨਖਾਹ ਅੰਸ਼ਿਕ ਤੌਰ ’ਤੇ ਬਹਾਲ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਕੰਪਨੀ ਸਤੰਬਰ ਤੋਂ ਬਾਅਦ ਤਨਖਾਹ ਦੇ ਹੋਰ ਹਿੱਸਿਆਂ ਦੀ ਬਹਾਲੀ ’ਤੇ ਵੀ ਵਿਚਾਰ ਕਰ ਰਹੀ ਹੈ ਅਤੇ 16 ਸਤੰਬਰ ਨੂੰ ਹੋਣ ਵਾਲੀ ਬੈਠਕ ’ਚ ਇਸ ’ਤੇ ਚਰਚਾ ਕੀਤੀ ਜਾਵੇਗੀ। ਪਾਇਲਟਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਤਨਖਾਹ ਵਧਾ ਕੇ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚਾ ਦਿੱਤੀ ਜਾਵੇ। ਸੂਤਰਾਂ ਮੁਤਾਬਕ ਮਹਾਮਾਰੀ ਕਾਰਨ ਤਨਖਾਹ ’ਚ 60 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ ਸੀ ਅਤੇ ਇਸ ਨੂੰ ਹਾਲੇ ਤੱਕ ਪੂਰੀ ਤਰ੍ਹਾਂ ਬਹਾਲ ਨਹੀਂ ਕੀਤਾ ਗਿਆ ਹੈ।


author

Harinder Kaur

Content Editor

Related News