''ਫਾਸਟ ਟੈਗ'' ਹੋਣਗੇ ਟੋਲ ਪਲਾਜ਼ਾ, ਨਹੀਂ ਲੱਗੇਗੀ ਲੰਬੀ ਕਤਾਰ

Monday, Aug 06, 2018 - 03:53 PM (IST)

''ਫਾਸਟ ਟੈਗ'' ਹੋਣਗੇ ਟੋਲ ਪਲਾਜ਼ਾ, ਨਹੀਂ ਲੱਗੇਗੀ ਲੰਬੀ ਕਤਾਰ

ਨਵੀਂ ਦਿੱਲੀ— 6 ਮਹੀਨਿਆਂ 'ਚ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਲੇਨ ਦਾ ਕੰਮ ਪੂਰਾ ਹੋ ਜਾਵੇਗਾ। ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸਵੀਕਾਰ ਕੀਤਾ ਕਿ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੇ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਲੇਨ ਦੀ ਵਿਵਸਥਾ ਹੁਣ ਤਕ ਪੂਰੀ ਤਰ੍ਹਾਂ ਨਾਲ ਸੁਚਾਰੂ ਨਹੀਂ ਹੋ ਸਕੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਜੁੜੀਆਂ ਸਾਫਟਵੇਅਰ ਰੁਕਾਵਟਾਂ ਅਤੇ ਬੈਂਕਿੰਗ ਪ੍ਰਣਾਲੀ ਨਾਲ ਜੁੜਨ 'ਚ ਆ ਰਹੀਆਂ ਦਿੱਕਤਾਂ ਨੂੰ 6 ਮਹੀਨਿਆਂ ਅੰਦਰ ਦੂਰ ਕਰ ਲਿਆ ਜਾਵੇਗਾ। ਗਡਕਰੀ ਨੇ ਰਾਜ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਦੇਸ਼ 'ਚ ਰਾਸ਼ਟਰੀ ਰਾਜ ਮਾਰਗਾਂ 'ਤੇ 479 ਟੋਲ ਪਲਾਜ਼ਿਆਂ 'ਚੋਂ 409 'ਤੇ ਫਾਸਟ ਟੈਗ ਲੇਨ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਕਈ ਸਥਾਨਾਂ 'ਤੇ ਫਾਸਟ ਟੈਗ ਪ੍ਰਣਾਲੀ ਠੱਪ ਰਹਿਣ ਬਾਅਦ ਇਸ ਨੂੰ ਤੇਜ਼ੀ ਨਾਲ ਠੀਕ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ 6 ਮਹੀਨਿਆਂ ਅੰਦਰ ਸਾਰੇ ਰਾਸ਼ਟਰੀ ਰਾਜ ਮਾਰਗਾਂ 'ਤੇ ਸੌ ਫੀਸਦੀ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਕੰਮ ਕਰਨ ਲੱਗਣਗੇ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦਸੰਬਰ ਦੇ ਬਾਅਦ ਵਿਕਣ ਵਾਲੀਆਂ ਸਾਰੀਆਂ ਕਾਰਾਂ 'ਚ ਫਾਸਟ ਟੈਗ ਲੱਗਾ ਹੋਵੇਗਾ। ਅਗਸਤ 2017 ਤਕ 6.32 ਲੱਖ ਫਾਸਟ ਟੈਗ ਵਿਕੇ ਸਨ ਅਤੇ ਹੁਣ ਇਹ ਗਿਣਤੀ 26.46 ਲੱਖ ਹੋ ਗਈ ਹੈ। ਇਸ ਨੂੰ ਸਾਰੀਆਂ ਨਿੱਜੀ ਕਾਰਾਂ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ 6 ਮਹੀਨਿਆਂ ਅੰਦਰ ਟੋਲ ਪਲਾਜ਼ਿਆਂ 'ਤੇ ਬਿਨਾਂ ਰੁਕਾਵਟ ਆਵਾਜਾਈ ਯਕੀਨੀ ਹੋ ਜਾਵੇਗੀ। ਮੰਤਰੀ ਨੇ ਕਿਹਾ ਕਿ ਰਾਜ ਪੱਧਰੀ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ 'ਤੇ ਵੀ ਇਹ ਵਿਵਸਥਾ ਕਰਨ ਲਈ ਸੂਬਾ ਸਰਕਾਰਾਂ ਨੂੰ ਫਾਸਟ ਟੈਗ ਪ੍ਰਣਾਲੀ ਮੁਫਤ ਦਿੱਤੀ ਜਾ ਰਹੀ ਹੈ।


Related News