‘ਪੈਟਰੋਲ-ਡੀਜ਼ਲ ਦੇ ਰੇਟਾਂ ’ਚ ਰਿਕਾਰਡ ਵਾਧੇ ਕਾਰਨ ਸਬਜ਼ੀਆਂ, ਕਰਿਆਨਾ, ਟ੍ਰਾਂਸਪੋਰਟ ਸਭ ਮਹਿੰਗਾ’

Tuesday, Jul 06, 2021 - 10:52 AM (IST)

‘ਪੈਟਰੋਲ-ਡੀਜ਼ਲ ਦੇ ਰੇਟਾਂ ’ਚ ਰਿਕਾਰਡ ਵਾਧੇ ਕਾਰਨ ਸਬਜ਼ੀਆਂ, ਕਰਿਆਨਾ, ਟ੍ਰਾਂਸਪੋਰਟ ਸਭ ਮਹਿੰਗਾ’

ਨਵੀਂ ਦਿੱਲੀ (ਯੂ. ਐੱਨ. ਆਈ.) – ਪੈਟਰੋਲ-ਡੀਜ਼ਲ ਦੇ ਰੇਟਾਂ ’ਚ ਰਿਕਾਰਡ ਵਾਧੇ ਨਾਲ ਸਿਰਫ ਕਾਰ-ਬਾਈਕ ਚਲਾਉਣਾ ਹੀ ਮਹਿੰਗਾ ਨਹੀਂ ਹੋ ਰਿਹਾ ਹੈ ਸਗੋਂ ਹੁਣ ਕੋਰੋਨਾ ਕਾਲ ’ਚ ਪਹਿਲਾਂ ਤੋਂ ਸੰਕਟ ਨਾਲ ਜੂਝ ਰਹੀ ਦੇਸ਼ ਦੀ ਅਰਥਵਿਵਸਥਾ ’ਤੇ ਗੰਭੀਰ ਅਸਰ ਪੈਣ ਲੱਗਾ ਹੈ। ਟ੍ਰਾਂਸਪੋਰਟੇਸ਼ਨ ਕਾਸਟ ’ਚ ਵਾਧਾ ਹੋਣ ਨਾਲ ਲਗਭਗ ਹਰ ਚੀਜ਼ਾਂ ਦੇ ਰੇਟ ਵਧਣ ਲੱਗੇ ਹਨ, ਜਿਸ ਨਾਲ ਮਹਿੰਗਾਈ ਆਮ ਆਦਮੀ ਦਾ ਲੱਕ ਤੋੜਨ ਲੱਗੀ ਹੈ।

ਸੋਮਵਾਰ ਨੂੰ ਦਿੱਲੀ ’ਚ ਪੈਟਰੋਲ ਦੇ ਭਾਅ ਪ੍ਰਤੀ ਲਿਟਰ 99.86 ਰੁਪਏ ਅਤੇ ਡੀਜ਼ਲ 89.36 ਰੁਪਏ ’ਤੇ ਪਹੁੰਚ ਗਏ ਹਨ। ਮੁੰਬਈ ’ਚ ਇਹੀ ਰੇਟ ਕ੍ਰਮਵਾਰ 105.92 ਅਤੇ 96.91 ਪਹੁੰਚ ਗਏ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲ ’ਚ ਮੁੰਬਈ ’ਚ ਪੈਟਰੋਲ ਦਾ ਰੇਟ 25 ਫੀਸਦੀ ਤੋਂ ਜ਼ਿਆਦਾ ਵਧਿਆ ਹੈ। ਇਸ ਦੌਰਾਨ ਡੀਜ਼ਨ ਦੇ ਰੇਟ ’ਚ ਕਰੀਬ 33 ਫੀਸਦੀ ਦਾ ਵਾਧਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਮਹਿੰਗਾਈ ’ਤੇ ਪੈ ਰਿਹਾ ਹੈ। ਉੱਧਰ ਦੂਜੇ ਪਾਸੇ ਕਮੋਡਿਟੀ ਦੀਆਂ ਕੀਮਤਾਂ ’ਚ ਵੀ ਤੇਜ਼ੀ ਦਾ ਰੁਖ ਹੈ। ਇਹੀ ਨਹੀਂ ਛੋਟੇ-ਛੋਟੇ ਪਰ ਜ਼ਰੂਰੀ ਚੀਜ਼ਾਂ ਦੇ ਰੇਟ ਵਧ ਗਏ ਹਨ। ਹਾਲ ਹੀ ’ਚ ਅਮੂਲ ਨੇ ਵੀ ਆਪਣੇ ਦੁੱਧ ਤੋਂ ਬਣੇ ਉਤਪਾਦਾਂ ਦੇ ਰੇਟਾਂ ’ਚ ਵਾਧੇ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਸਾਬਣ, ਤੇਲ, ਗਲਾਸ, ਟੁੱਥਪੇਸਟ, ਸਬਜ਼ੀਆਂ, ਫਲ, ਕਰਿਆਨਾ, ਰਸੋਈ ਉਪਕਰਨ ਅਤੇ ਘਰੇਲੂ ਉਪਕਰਨ ਆਦਿ ਸਭ ਦੇ ਰੇਟ ਵਧੇ ਹਨ।

ਟ੍ਰਾਂਸਪੋਰਟ ਦੀ ਲਾਗਤ ਕਰੀਬ 30 ਤੋਂ 35 ਫੀਸਦੀ ਵਧੀ

ਆਲ ਇੰਡੀਆ ਟ੍ਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪ੍ਰਦੀਪ ਸਿੰਘਲ ਦੱਸਦੇ ਹਨ ਕਿ ਡੀਜ਼ਲ ਦੇ ਰੇਟ ਵਧਣ ਦੇ ਨਾਲ ਹੀ ਟ੍ਰਾਂਸਪੋਰਟ ਦੀ ਲਾਗਤ ਵਧ ਗਈ ਹੈ। ਇਹੀ ਨਹੀਂ ਜੇ ਲਾਕਡਾਊਨ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ਦੇਖੀਏ ਤਾਂ ਇਸ ’ਚ ਔਸਤ 25 ਫੀਸਦੀ ਦਾ ਵਾਧਾ ਹੋਇਆ ਹੈ। ਇਹੀ ਨਹੀਂ ਸੈਨੇਟਾਈਜੇਸ਼ਨ, ਟੋਲ, ਇੰਸ਼ੋਰੈਂਸ ਅਤੇ ਮੈਂਟੇਂਨੈਂਸ ਕਾਸਟ ’ਚ ਵੀ ਵਾਧਾ ਹੋ ਗਿਆ ਹੈ। ਕੁੱਲ ਮਿਲਾ ਕੇ ਟ੍ਰਾਂਸਪੋਰਟ ਦੀ ਲਾਗਤ ਕਰੀਬ 30 ਤੋਂ 35 ਫੀਸਦੀ ਵਧ ਗਈ ਹੈ। ਕੋਰੋਨਾ ਮਹਾਮਾਰੀ ਕਾਰਨ ਮੰਗ ਘੱਟ ਹੋਈ, ਇਸ ਲਈ ਭਾੜੇ ’ਚ ਜ਼ਿਆਦਾ ਵਾਧਾ ਸੰਭਵ ਨਹੀਂ ਹੈ। ਫਿਰ ਵੀ 15 ਤੋਂ 20 ਫੀਸਦੀ ਤੱਕ ਭਾੜੇ ਦੀਆਂ ਦਰਾਂ ਵਧਾਉਣਾ ਜ਼ਰੂਰੀ ਹੈ।

ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਕੁਲਤਾਰਨ ਸਿੰਘ ਅਟਵਾਲ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਕਾਰਨ ਲੱਖਾਂ ਛੋਟੇ ਟ੍ਰਾਂਸਪੋਰਟ ਆਪ੍ਰੇਟਰਸ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੀ ਰੋਜ਼ੀ-ਰੋਟੀ ’ਤੇ ਅਸਰ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਈਂਧਨ ਦੀਆਂ ਕੀਮਤਾਂ ’ਚ ਕਮੀ ਨਹੀਂ ਕਰਦੀ ਤਾਂ ਇਸ ਹਫਤੇ ਦੇਸ਼ ਭਰ ’ਚ ਉਹ ਵਿਰੋਧ ਜਤਾਉਣਗੇ। ਲੋੜ ਪੈਣ ’ਤੇ ਹੜਤਾਲ ਦੀ ਵੀ ਯੋਜਨਾ ਹੈ।

ਭਾੜੇ ’ਚ 20 ਤੋਂ 25 ਫੀਸਦੀ ਤੱਕ ਵਾਧਾ ਕਰਨ ਦਾ ਫੈਸਲਾ

ਕਰੀਬ 90 ਲੱਖ ਟਰੱਕ ਆਨਰਸ ਦੇ ਸੰਗਠਨ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ (ਏ. ਆਈ. ਐੱਮ. ਟੀ. ਸੀ.) ਦੇ ਬੁਲਾਰੇ ਨਵੀਨ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਬੀਤੇ ਕੁਝ ਸਾਲਾਂ ਤੋਂ ਡੀਜ਼ਲ ਦੇ ਰੇਟ ਲਗਾਤਾਰ ਵਧ ਰਹੇ ਹਨ ਪਰ ਮੰਗ ਨਾ ਹੋਣ ਕਾਰਨ ਭਾੜੇ ਦੀਆਂ ਦਰਾਂ ਸਾਲ 2012 ਜਿੰਨੀਆਂ ਹੀ ਹਨ। ਵਧਦੀ ਲਾਗਤ ਨੂੰ ਦੇਖਦੇ ਹੋਏ ਟ੍ਰਾਂਸਪੋਰਟਰ ਹੁਣ ਭਾੜਾ ਵਧਾਉਣ ’ਤੇ ਵਿਚਾਰ ਕਰਨ ਲੱਗੇ ਹਨ। ਏ. ਆਈ. ਐੱਮ. ਟੀ. ਸੀ. ਵੈਸਟ ਜ਼ੋਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਭਾੜੇ ’ਚ 20 ਤੋਂ 25 ਫੀਸਦੀ ਤੱਕ ਵਾਧਾ ਕੀਤਾ ਜਾਵੇ। ਇਸ ’ਤੇ ਰਸਮੀ ਫੈਸਲੇ ਇਸੇ ਹਫਤੇ ਹੋ ਜਾਏਗਾ। ਜੇ ਟ੍ਰਾਂਸਪੋਰਟ ਮਹਿੰਗਾ ਹੋਇਆ ਤਾਂ ਇਸ ਦਾ ਅਸਰ ਸਬਜ਼ੀਆਂ ਅਤੇ ਕਰਿਆਨੇ ਸਮੇਤ ਸਾਰੇ ਤਰ੍ਹਾਂ ਦੇ ਉਤਪਾਦਾਂ ’ਤੇ ਪਵੇਗਾ।

ਸਬਜ਼ੀਆਂ 10 ਫੀਸਦੀ ਹੋਣਗੀਆਂ ਮਹਿੰਗੀਆਂ

ਦਿੱਲੀ ਸਥਿਤ ਆਜ਼ਾਦਪੁਰ ਸਬਜ਼ੀ ਮੰਡੀ ਦੇ ਪ੍ਰਧਾਨ ਐੱਮ. ਆਰ. ਸਿਪਲਾਨੀ ਦੱਸਦੇ ਹਨ ਕਿ ਹਾਲੇ ਮੰਗ ਜ਼ਿਆਦਾ ਨਹੀਂ ਹੈ, ਇਸ ਲਈ ਮਾਲ ਭਾੜੇ ’ਚ ਵਾਧਾ ਘੱਟ ਹੋਇਆ ਹੈ ਪਰ ਆਉਣ ਵਾਲੇ ਸਮੇਂ ’ਚ ਫਲ-ਸਬਜ਼ੀਆਂ ਨੂੰ ਲਿਆਉਣ ਵਾਲੇ ਟਰੱਕਾਂ ਦਾ ਮਾਲ ਭਾੜਾ ਵਧ ਸਕਦਾ ਹੈ। ਥੋਕ ਸਬਜ਼ੀ ਵਪਾਰੀ ਪਵਨ ਖਟੀਕ ਦਾ ਕਹਿਣਾ ਹੈ ਕਿ ਫਲ-ਸਬਜ਼ੀ ਦੀ ਕੁੱਲ ਕੀਮਤ ’ਚ ਭਾੜੇ ਦਾ ਯੋਗਦਾਨ 30 ਫੀਸਦੀ ਤੱਕ ਰਹਿੰਦਾ ਹੈ, ਇਸ ਲਈ ਭਾੜਾ 10 ਤੋਂ 20 ਫੀਸਦੀ ਵੀ ਵਧਦਾ ਹੈ ਤਾਂ ਸਬਜ਼ੀਆਂ 10 ਫੀਸਦੀ ਤੱਕ ਮਹਿੰਗੀਆਂ ਹੋ ਜਾਣਗੀਆਂ। ਹਾਲਾਂਕਿ ਮੀਂਹ ਕਾਰਨ ਸਬਜ਼ੀਆਂ ਦੀ ਸਪਲਾਈ ਘੱਟ ਹੈ, ਇਸ ਲਈ ਸਬਜ਼ੀਆਂ ਦੇ ਰੇਟਾਂ ’ਚ 30 ਤੋਂ 40 ਫੀਸਦੀ ਦਾ ਵਾਧਾ ਹੋ ਚੁੱਕਾ ਹੈ।


author

Harinder Kaur

Content Editor

Related News