‘ਖਾਦੀ ਵਿਕਰੀ ਦੇ ਟੁੱਟੇ ਸਾਰੇ ਰਿਕਾਰਡ, ਸਿਰਫ ਇਕ ਸਟੋਰ ਤੋਂ 1 ਦਿਨ ’ਚ ਲੋਕਾਂ ਨੇ ਖਰੀਦੀ 1.29 ਕਰੋੜ ਦੀ ਖਾਦੀ’
Wednesday, Nov 03, 2021 - 11:09 AM (IST)
ਨਵੀਂ ਦਿੱਲੀ (ਇੰਟ.) – ਆਤਮ ਨਿਰਭਰ ਭਾਰਤ ਮੁਹਿੰਮ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਵੋਕਲ ਫਾਰ ਲੋਕਲ’ ਦੇ ਤਹਿਤ ਲੋਕਾਂ ਨੂੰ ਸਵਦੇਸ਼ੀ ਅਪਣਾਉਣ ਦਾ ਸੱਦਾ ਦੇਣ ਤੋਂ ਬਾਅਦ ਇਸ ਦੀਵਾਲੀ ਸਵਦੇਸ਼ੀ ਉਤਪਾਦਾਂ ਦੀ ਭਾਰੀ ਮੰਗ ਹੈ। ਦੀਵਾਲੀ ਦੇ ਖਾਸ ਮੌਕੇ ’ਤੇ ਵੋਕਲ ਫਾਰ ਲੋਕਲ ਦੀ ਮੰਗ ਹੋਣ ਲੱਗੀ ਹੈ। ਨਤੀਜੇ ਵਜੋਂ ਸਥਾਨਕ ਉਤਪਾਦਾਂ ਨੂੰ ਖਰੀਦਣ ਲਈ ਲੋਕਾਂ ਦਰਮਿਆਨ ਭਾਰੀ ਉਤਸੁਕਤਾ ਨੇ ਬੀਤੇ ਸ਼ਨੀਵਾਰ ਨੂੰ ਖਾਦੀ ਵਿਕਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਦਿਨ ਖਾਦੀ ਇੰਡੀਆ ਦੇ ਕਨਾਟ ਪਲੇਸ ਆਊਟਲੈੱਟ ’ਤੇ ਖਾਦੀ ਦੀ ਇਕ ਦਿਨ ਦੀ ਵਿਕਰੀ 1.29 ਕਰੋੜ ਰੁਪਏ ਦੀ ਸੀ। ਇਸ ਤਰ੍ਹਾਂ ਆਊਟਲੈੱਟ ਨੇ ਹੁਣ ਤੱਕ ਦੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਤੋਂ ਪਹਿਲਾਂ 2 ਅਕਤੂਬਰ 2019 ਨੂੰ ਖਾਦੀ ਦੀ ਹੁਣ ਤੱਕ ਦੀ ਸਭ ਤੋਂ ਵੱਧ ਇਕ ਦਿਨ ਦੀ ਵਿਕਰੀ 1,28,33,000 ਰੁਪਏ (1.28 ਕਰੋੜ ਰੁਪਏ) ਦਰਜ ਕੀਤੀ ਗਈ ਸੀ।
ਦਰਅਸਲ ਸਾਲ 2016 ਤੋਂ ਬਾਅਦ ਇਹ 13ਵੀਂ ਵਾਰ ਹੈ, ਜਦੋਂ ਖਾਦੀ ਇੰਡੀਆ ਦੀ ਇਕ ਦੁਕਾਨ ’ਤੇ ਇਕ ਦਿਨ ’ਚ 1 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਹੋ ਗਈ ਹੈ। ਇਹ ਇਸ ਸਾਲ ਅਕਤੂਬਰ ’ਚ ਦੂਜੀ ਵਾਰ ਵੀ ਹੈ, ਜਦੋਂ ਖਾਦੀ ਦੀ ਵਿਕਰੀ 1 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਪਿਛਲੀ ਵਾਰ 2 ਅਕਤੂਬਰ 2021 ਯਾਨੀ ਗਾਂਧੀ ਜਯੰਤੀ ਨੂੰ ਇੱਥੇ ਕੁੱਲ 1.02 ਕਰੋੜ ਰੁਪਏ ਦੀ ਖਰੀਦਦਾਰੀ ਗਾਹਕਾਂ ਨੇ ਕੀਤੀ ਸੀ।