ਆਕਾਸ਼ ਏਅਰ ਦੀ ਪਹਿਲੀ ਉਡਾਣ ਜਲਦ ਹੋਵੇਗੀ ਸ਼ੁਰੂ , 5 ਸਾਲਾਂ ’ਚ 72 ਜਹਾਜ਼ਾਂ ਦਾ ਬੇੜਾ ਖੜ੍ਹਾ ਹੋਣ ਦੀ ਉਮੀਦ
Saturday, Mar 26, 2022 - 06:23 PM (IST)
ਹੈਦਰਾਬਾਦ (ਭਾਸ਼ਾ) – ਰਾਕੇਸ਼ ਝੁਨਝੁਨਵਾਲਾ ਪ੍ਰਮੋਟਡ ਏਅਰਲਾਈਨ ‘ਆਕਾਸ਼ ਏਅਰ’ ਨੇ ਇਸ ਸਾਲ ਜੂਨ ਤੋਂ ਆਪਣੀ ਕਮਰਸ਼ੀਅਲ ਆਪ੍ਰੇਟਿੰਗ ਸ਼ੁਰੂ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਆਕਾਸ਼ ਏਅਰ ਦੇ ਮੁਖ ਕਾਰਜਕਾਰੀ ਅਧਿਕਾਰੀ ਵਿਨੇ ਦੁਬੇ ਨੇ ‘ਵਿੰਗਸ ਇੰਡੀਆ 2022’ ਸੰਮੇਲਨ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੂਨ ਦੇ ਮਹੀਨੇ ’ਚ ਏਅਰਲਾਈਨ ਦੀ ਪਹਿਲੀ ਕਮਰਸ਼ੀਅਲ ਉਡਾਣ ਸ਼ੁਰੂ ਹੋ ਜਾਣ ਦੀ ਉਮੀਦ ਹੈ। ਦੁਬੇ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਅਸੀਂ ਸਾਰੀਆਂ ਰੈਗੂਲੇਟਰੀ ਸ਼ਰਤਾਂ ਨੂੰ ਪੂਰਾ ਕਰਨ ਅਤੇ ਆਪ੍ਰੇਟਿੰਗ ਦੇ ਲਾਈਸੈਂਸ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ. ਜੀ. ਸੀ. ਏ.) ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਯੋਜਿਤ ਇਸ ਚਰਚ ਸੈਸ਼ਨ ’ਚ ਕਿਹਾ ਕਿ ਅਗਲੇ ਪੰਜ ਸਾਲਾਂ ’ਚ ਏਅਰਲਾਈਨ ਕੋਲ 72 ਜਹਾਜ਼ਾਂ ਦਾ ਬੇੜਾ ਖੜ੍ਹਾ ਹੋ ਜਾਣ ਦੀ ਉਮੀਦ ਹੈ।
ਆਪ੍ਰੇਟਿੰਗ ਸ਼ੁਰੂ ਹੋਣ ਦੇ ਪਹਿਲੇ 12 ਮਹੀਨਿਆਂ ’ਚ ਉਸ ਦੀ ਯੋਜਨਾ 18 ਜਹਾਜ਼ਾਂ ਦਾ ਬੇੜਾ ਤਿਆਰ ਕਰਨ ਦੀ ਹੈ ਅਤੇ ਉਸ ਤੋਂ ਬਾਅਦ ਹਰ ਸਾਲ ਏਅਰਲਾਈਨ 12-14 ਜਹਾਜ਼ਾਂ ਨੂੰ ਜੋੜਦੀ ਜਾਏਗੀ। ਦੁਬੇ ਨੇ ਕਿਹਾ ਕਿ ਅਸੀਂ ਉਡਾਣਾਂ ਸ਼ੁਰੂ ਕਰਨ ਅਤੇ ਪੂਰੀ ਗਰਮਜੋਸ਼ੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਬੇਹੱਦ ਰੋਮਾਂਚਿਤ ਹਾਂ। ਸ਼ੁਰੂਆਤੀ ਦੌਰ ’ਚ ਆਕਾਸ਼ ਏਅਰ ਦੀਆਂ ਉਡਾਣਾਂ ਮੈਟਰੋ ਮਹਾਨਗਰਾਂ ਤੋਂ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਲਈ ਹੋਣਗੀਆਂ। ਇਸ ਤੋਂ ਇਲਾਵਾ ਮਹਾਨਗਰਾਂ ਦਰਮਿਆਨ ਵੀ ਉਡਾਣਾਂ ਸੰਚਾਲਿਤ ਕੀਤੀਆਂ ਜਾਣਗੀਆਂ। ਭਾਰਤੀ ਹਵਾਬਾਜ਼ੀ ਖੇਤਰ ਦੀ ਇਸ ਨਵੀਂ ਏਅਰਲਾਈਨ ਨੂੰ ਅਕਤੂਬਰ 2021 ’ਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਤੋਂ ਹਵਾਈ ਆਪ੍ਰੇਟਿੰਗ ਲਈ ਐੱਨ. ਓ. ਸੀ. ਮਿਲੀ ਸੀ।