ਹੁਣ ਏਅਰਟੈੱਲ ਪੇਮੈਂਟਸ ਬੈਂਕ ਤੋਂ 7 ਦਿਨ 24 ਘੰਟੇ ਮਿਲੇਗੀ NEFT ਦੀ ਸਹੂਲਤ
Thursday, Dec 26, 2019 - 08:57 PM (IST)

ਨਵੀਂ ਦਿੱਲੀ(ਭਾਸ਼ਾ)-ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਅਰਟੈੱਲ ਪੇਮੈਂਟਸ ਬੈਂਕ ਗਾਹਕ ਹੁਣ ਦਿਨ ਦੇ ਕਿਸੇ ਵੀ ਸਮੇਂ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.) ਸਹੂਲਤ ਦੀ ਵਰਤੋਂ ਕਰ ਸਕਣਗੇ। ਇਹ ਸਹੂਲਤ 7 ਦਿਨ 24 ਘੰਟੇ ਮਿਲੇਗੀ। ਇਸ ਨਾਲ ਕਿਤੋਂ ਵੀ ਕਿਸੇ ਵੀ ਸਮੇਂ ਕਿਸੇ ਵੀ ਬੈਂਕ ’ਚ ਰਾਸ਼ੀ ਪ੍ਰਾਪਤ ਕਰਨਾ ਜਾਂ ਭੇਜਣਾ ਸੰਭਵ ਹੋਵੇਗਾ।
ਗਾਹਕ ਆਸਾਨੀ ਨਾਲ ਕਰ ਸਕਦੈ ਪੈਸੇ ਟਰਾਂਸਫਰ
ਏਅਰਟੈੱਲ ਪੇਮੈਂਟਸ ਬੈਂਕ ਗਾਹਕ ਏਅਰਟੈੱਲ ਥੈਂਕਸ ਐਪ ਜਾਂ ਏਅਰਟੈੱਲ ਪੇਮੈਂਟਸ ਬੈਂਕ ਦੀ ਵੈੱਬਸਾਈਟ ਦੇ ਬੈਂਕਿੰਗ ਸੈਕਸ਼ਨ ਦੀ ਵਰਤੋਂ ਕਰ ਕੇ ਐੱਨ. ਈ. ਐੱਫ. ਟੀ. ਰਾਹੀਂ ਫੰਡ ਟਰਾਂਸਫਰ ਕਰ ਸਕਦੇ ਹਨ। ਉਨ੍ਹਾਂ ਨੂੰ ‘ਟਰਾਂਸਫਰ ਮਨੀ’ ਬਦਲ ਦੀ ਚੋਣ ਕਰਨੀ ਹੋਵੇਗੀ ਅਤੇ ਉਸ ਤੋਂ ਬਾਅਦ ‘ਟਰਾਂਸਫਰ ਟੂ ਬੈਂਕ’ ਦੀ। ਲਾਭਪਾਤਰੀ ਨੂੰ ਰਜਿਸਟਰਡ ਕਰਨ ਲਈ ਇਕ ਸਕਰੀਨ ਵਿਖਾਈ ਦੇਵੇਗੀ। ਇਕ ਵਾਰ ਲਾਭਪਾਤਰੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਗਾਹਕ ਆਸਾਨੀ ਨਾਲ ਪੈਸੇ ਟਰਾਂਸਫਰ ਕਰ ਸਕਦਾ ਹੈ। ਏਅਰਟੈੱਲ ਪੇਮੈਂਟਸ ਬੈਂਕ ਦੇ ਚੀਫ ਆਪ੍ਰੇਟਿੰਗ ਆਫਿਸਰ ਗਣੇਸ਼ ਅਨੰਤਨਾਰਾਇਣਨ ਨੇ ਕਿਹਾ,‘‘ਅਸੀਂ ਗਾਹਕਾਂ ਨੂੰ ਇਕ ਕੁਸ਼ਲ ਅਤੇ ਸਹਿਜ ਬੈਂਕਿੰਗ ਤਜਰਬਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ।’’ ਏਅਰਟੈੱਲ ਪੇਮੈਂਟਸ ਬੈਂਕ ਡਿਜੀਟਲ ਭੁਗਤਾਨ ਅਤੇ ਮਨੀ ਟਰਾਂਸਫਰ ਕਰਨ ਦੇ ਲਈ ਯੂ. ਪੀ. ਆਈ., ਆਈ. ਐੱਮ. ਪੀ. ਐੱਸ., ਡੈਬਿਟ ਕਾਰਡ ਅਤੇ ਵਾਲੇਟ ਵਰਗੇ ਹੱਲ ਪ੍ਰਦਾਨ ਕਰਦਾ ਹੈ।