AIRTEL ਨੇ ਫਿਰ ਜਿਓ ਨੂੰ ਪਛਾੜਿਆ, ਅਕਤੂਬਰ 'ਚ ਇੰਨੇ ਗਾਹਕ ਜੋੜੇ

Wednesday, Dec 23, 2020 - 11:31 PM (IST)

ਨਵੀਂ ਦਿੱਲੀ- ਭਾਰਤੀ ਏਅਰਟੈੱਲ ਨੇ ਅਕਤੂਬਰ ਵਿਚ ਵੀ ਸਭ ਤੋਂ ਵੱਧ ਗਾਹਕ ਜੋੜੇ ਹਨ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਏਅਰਟੈੱਲ ਨੇ ਜਿਓ ਨਾਲੋਂ ਵਧੇਰੇ ਗਾਹਕ ਜੋੜੇ ਹਨ। 

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਏਅਰਟੈੱਲ ਨੇ ਅਕਤੂਬਰ ਮਹੀਨੇ ਵਿਚ 37 ਲੱਖ ਨਵੇਂ ਗਾਹਕਾਂ ਨੂੰ ਜੋੜਿਆ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 1.12 ਫੀਸਦੀ ਵੱਧ ਹਨ। ਉੱਥੇ ਹੀ, ਅਕਤੂਬਰ ਵਿਚ ਜਿਓ ਨੇ 22 ਲੱਖ ਗਾਹਕ ਜੋੜੇ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 0.55 ਫ਼ੀਸਦੀ ਵੱਧ ਹਨ। ਵੋਡਾਫੋਨ ਆਈਡੀਆ (ਵੀ) ਨੇ ਇਸ ਮਿਆਦ ਦੌਰਾਨ 27 ਲੱਖ ਗਾਹਕਾਂ ਨੂੰ ਗੁਆ ਦਿੱਤਾ।

ਹਾਲਾਂਕਿ, ਯੂਜ਼ਰਸ ਦੀ ਗਿਣਤੀ ਦੇ ਮਾਮਲੇ ਵਿਚ ਜਿਓ ਪਹਿਲੇ ਨੰਬਰ 'ਤੇ ਹੈ। ਕੰਪਨੀ ਦੇ ਗਾਹਕਾਂ ਦੀ ਗਿਣਤੀ 40.63 ਕਰੋੜ ਹੈ। ਭਾਰਤੀ ਏਅਰਟੈੱਲ 33.02 ਕਰੋੜ ਗਾਹਕਾਂ ਨਾਲ ਦੂਜੇ ਨੰਬਰ 'ਤੇ ਹੈ, ਜਦੋਂ ਕਿ ਵੋਡਾਫੋਨ ਆਈਡੀਆ 29.28 ਕਰੋੜ ਗਾਹਕਾਂ ਨਾਲ ਤੀਜੇ ਨੰਬਰ 'ਤੇ ਹੈ। ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ. ਦੇ ਗਾਹਕਾਂ ਦੀ ਗਿਣਤੀ ਅਕਤੂਬਰ ਵਿਚ 10,208 ਘਟੀ ਹੈ, ਉੱਥੇ ਹੀ ਐੱਮ. ਟੀ. ਐੱਨ. ਐੱਲ. ਨੇ 7,307 ਅਤੇ ਰਿਲਾਇੰਸ ਕਮਿਊਨੀਕੇਸ਼ਨਸ ਦੇ 1,488 ਮੋਬਾਇਲ ਕੁਨੈਕਸ਼ਨ ਘੱਟ ਹੋਏ ਹਨ। ਰਿਪੋਰਟ ਮੁਤਾਬਕ, ਅਕਤੂਬਰ ਵਿਚ ਕੁੱਲ ਫੋਨ ਕੁਨੈਕਸ਼ਨਾਂ ਦੀ ਗਿਣਤੀ ਵੱਧ ਕੇ 117.18 ਕਰੋੜ 'ਤੇ ਪਹੁੰਚ ਗਈ। ਸਤੰਬਰ 2020 ਵਿਚ ਇਹ 116.86 ਕਰੋੜ ਸੀ।


Sanjeev

Content Editor

Related News