ਹਵਾਈ ਸਫਰ ਢਿੱਲੀ ਕਰੇਗਾ ਜੇਬ, ਹਰ ਸੀਟ ਲਈ ਲੱਗ ਰਿਹੈ ਵੱਖਰਾ ਚਾਰਜ

08/17/2020 4:43:06 PM

ਨਵੀਂ ਦਿੱਲੀ— ਏਅਰਲਾਈਨਾਂ ਨੇ ਕੋਰੋਨਾ ਆਫ਼ਤ 'ਚ ਕਮਾਈ ਦਾ ਇਕ ਨਵਾਂ ਢੰਗ ਲੱਭ ਲਿਆ ਹੈ। ਜੇਕਰ ਤੁਸੀਂ ਗੋਏਅਰ ਅਤੇ ਸਪਾਈਸ ਜੈੱਟ ਨਾਲ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟਿਕਟ ਬੁੱਕ ਕਰਨ ਤੋਂ ਬਾਅਦ ਸੀਟ ਲੈਣ ਲਈ ਹੋਰ ਪੈਸੇ ਦੇਣੇ ਪੈਣਗੇ। ਇਸ ਤੋਂ ਬਿਨਾਂ ਤੁਸੀਂ ਵੈੱਬ ਚੈੱਕ ਇਨ ਨਹੀਂ ਕਰ ਸਕੋਗੇ। ਆਪਣੀ ਸੀਟ ਲੈਣ ਲਈ ਤੁਹਾਨੂੰ 49 ਰੁਪਏ ਤੋਂ ਲੈ ਕੇ 1999 ਰੁਪਏ ਤੱਕ ਦਾ ਭੁਗਤਾਨ ਕਰਨਾ ਹੋਵੇਗਾ।
 

ਕੋਰੋਨਾ ਤੋਂ ਪਹਿਲਾਂ ਜੇਕਰ ਤੁਸੀਂ ਸਾਹਮਣੇ ਜਾਂ ਐਮਰਜੈਂਸੀ ਐਗਜ਼ਿਟ ਸੀਟ ਜਾਂ ਵਿੰਡੋ ਸੀਟ ਦੀ ਮੰਗ ਕਰਦੇ ਸੀ ਤਾਂ ਉਸ ਲਈ ਵੱਖ ਤੋਂ ਪੈਸੇ ਲੱਗਦੇ ਸਨ ਪਰ ਮਿਡਲ ਸੀਟਾਂ ਲਈ ਕਦੇ ਵੀ ਪੈਸੇ ਨਹੀਂ ਲੱਗਦੇ ਸਨ। ਕੋਰੋਨਾ 'ਚ ਹੁਣ ਵੈੱਬ ਚੈੱਕ-ਇਨ ਲਾਜ਼ਮੀ ਹੋ ਗਿਆ ਹੈ। ਅਜਿਹੀ ਸਥਿਤੀ 'ਚ ਜਦੋਂ ਤੁਸੀਂ ਇੰਟਰਨੈੱਟ ਤੋਂ ਵੈੱਬ ਇਨ ਕਰਨ ਜਾਓਗੇ ਤਾਂ ਤੁਹਾਨੂੰ ਸੀਟ ਚੁਣਨ ਲਈ ਕਿਹਾ ਜਾਂਦਾ ਹੈ। ਇਨ੍ਹਾਂ ਸੀਟਾਂ ਲਈ ਫਿਰ ਤੁਹਾਨੂੰ 49 ਰੁਪਏ ਤੋਂ ਲੈ ਕੇ 1999 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਜਾਂਦਾ ਹੈ ਅਤੇ ਜਦੋਂ ਤੱਕ ਤੁਸੀਂ ਭੁਗਤਾਨ ਨਹੀਂ ਕਰਦੇ ਉਦੋਂ ਤੱਕ ਤੁਹਾਡਾ ਵੈੱਬ ਚੈੱਕ-ਇਨ ਅੱਗੇ ਨਹੀਂ ਜਾਏਗਾ।

ਰਿਪੋਰਟ ਮੁਤਾਬਕ, ਜੇਕਰ ਤੁਸੀਂ ਇਕਦਮ ਅੱਗੇ ਜਾਂ ਐਮਰਜੈਂਸੀ ਐਗਜ਼ਿਟ ਕੋਲ ਦੀ ਸੀਟ ਲਓਗੇ ਤੁਹਾਨੂੰ 1,999 ਰੁਪਏ ਦੇਣੇ ਪੈ ਸਕਦੇ ਹਨ। ਹਾਲਾਂਕਿ, ਹੁਣ ਤੱਕ ਇਹ ਤੈਅ ਨਹੀਂ ਹੈ ਕਿ ਡੀ. ਜੀ. ਸੀ. ਏ. ਨੇ ਅਜਿਹੀ ਆਗਿਆ ਦਿੱਤੀ ਹੈ ਜਾਂ ਨਹੀਂ ਪਰ ਏਅਰਲਾਈਨਾਂ ਗਾਹਕਾਂ ਤੋਂ ਅਜਿਹਾ ਚਾਰਜ ਲੈ ਰਹੀਆਂ ਹਨ। ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਵਰਗੀਆਂ ਕੰਪਨੀਆਂ ਵਿੰਡੋ ਸੀਟ ਲਈ ਚਾਰਜ ਕਰ ਰਹੀਆਂ ਹਨ, ਜੋ ਕੋਰੋਨਾ ਤੋਂ ਪਹਿਲਾਂ ਦਾ ਹੈ। ਜੇਕਰ ਤੁਸੀਂ ਹਵਾਈ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰਤੀ ਟਿਕਟ ਵਾਧੂ ਪੈਸੇ ਦੇਣ ਲਈ ਤਿਆਰ ਰਹਿਣਾ ਹੋਵੇਗਾ।


Sanjeev

Content Editor

Related News