ਜਹਾਜ਼ ਈਂਧਣ 3 ਫ਼ੀਸਦੀ ਹੋਇਆ ਮਹਿੰਗਾ, 2 ਮਹੀਨਿਆਂ ''ਚ ਪੰਜਵੀਂ ਵਾਰ ਵਧੇ ਭਾਅ

8/1/2020 1:11:51 PM

ਨਵੀਂ ਦਿੱਲੀ (ਭਾਸ਼ਾ) : ਤੇਲ ਕੰਪਨੀਆਂ ਨੇ ਜਹਾਜ਼ ਈਂਧਣ ਦਾ ਭਾਅ ਸ਼ਨੀਵਾਰ ਨੂੰ 3 ਫ਼ੀਸਦੀ ਬਧਾ ਦਿੱਤਾ। ਜਹਾਜ਼ ਟਰਬਾਇਨ ਈਂਧਣ ਦੇ ਭਾਅ ਵਿਚ 2 ਮਹੀਨਿਆਂ ਵਿਚ ਇਹ ਲਗਾਤਾਰ 5ਵੀਂ ਵਾਰ ਵਾਧਾ ਹੋਇਆ ਹੈ। ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੇ ਭਾਅ ਪਿਛਲੇ ਪੱਧਰ 'ਤੇ ਬਣੇ ਹੋਏ ਹਨ। ਸਰਕਾਰੀ ਤੇਲ ਕੰਪਨੀਆਂ ਵੱਲੋਂ ਸ਼ਨੀਵਾਰ ਨੂੰ ਜਾਰੀ ਮੁੱਲ ਸਮੀਖਿਆ ਸਬੰਧੀ ਇਕ ਸੂਚਨਾ ਅਨੁਸਾਰ ਦਿੱਲੀ ਵਿਚ ਜਹਾਜ਼ ਈਂਧਣ ਦਾ ਭਾਅ 1304.25 ਰੁਪਏ ਪ੍ਰਤੀ ਹਜ਼ਾਰ ਲਿਟਰ ਜਾਂ 3  ਫ਼ੀਸਦੀ ਵਧਾ ਕੇ 43,932.53 ਰੁਪਏ ਪ੍ਰਤੀ ਕਿਲੋ ਲਿਟਰ ਕਰ ਦਿੱਤਾ ਗਿਆ ਹੈ। ਪਿੱਛਲੀ ਵਾਰ ਬੀਤੀ 16 ਜੁਲਾਈ ਨੂੰ ਜਹਾਜ਼ ਈਂਧਣ ਦਾ ਭਾਅ 1.5 ਫ਼ੀਸਦੀ  (635.47 ਰੁਪਏ ਪ੍ਰਤੀ ਹਜ਼ਾਰ ਲਿਟਰ) ਵਧਾਇਆ ਗਿਆ ਸੀ। ਪਿੱਛਲੀ ਚਾਰ ਵਾਰ ਦੀ ਮੁੱਲ ਸਮੀਖਿਆ ਵਿਚ ਜਹਾਜ਼ ਈਂਧਣ ਦਾ ਭਾਅ ਪ੍ਰਤੀ ਹਜ਼ਾਰ ਲਿਟਰ ਕੁੱਲ ਮਿਲਾ ਕੇ 22,483.91 ਰੁਪਏ ਵੱਧ ਗਿਆ ਸੀ।

ਦਿੱਲੀ ਵਿਚ ਪੈਟਰੋਲ ਦਾ ਭਾਅ ਇਕ ਮਹੀਨੇ ਤੋਂ 80.43 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦਾ ਭਾਅ 73.56 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਹੈ। ਪੈਟਰੋਲ ਇਸ ਤੋਂ ਪਹਿਲਾਂ 7 ਜੂਨ ਤੋਂ 29 ਜੂਨ ਦੌਰਾਨ ਕੁੱਲ ਮਿਲਾ ਕੇ 9.17 ਰੁਪਏ ਅਤੇ ਡੀਜ਼ਲ 7 ਜੂਨ ਤੋਂ ਕੁੱਲ 12.15 ਰੁਪਏ ਮਹਿੰਗਾ ਹੋਇਆ ਸੀ। ਰਸੋਈ ਗੈਸ ਦੀ ਦਰ ਵੀ 1 ਜੁਲਾਈ ਦੇ ਬਾਅਦ ਨਹੀਂ ਵਧੀ ਹੈ। 1 ਜੁਲਾਈ ਨੂੰ ਗੈਰ ਸਬਸਿਡੀ ਵਾਲਾ 14.2 ਕਿੱਲੋ ਗੈਸ ਦਾ ਸਿਲੰਡਰ ਦਿੱਲੀ ਵਿਚ 1 ਰੁਪਏ ਵਧਾ ਕੇ 594 ਰੁਪਏ ਦੇ ਭਾਅ ਕਰ ਦਿੱਤਾ ਗਿਆ ਸੀ। ਰਸੋਈ ਗੈਸ ਫਰਵਰੀ ਵਿਚ 858.50 ਰੁਪਏ ਪ੍ਰਤੀ ਸਿਲੰਡਰ 'ਤੇ ਪਹੁੰਚ ਗਈ ਸੀ। ਗਾਹਕਾਂ ਨੂੰ ਸਾਲ ਵਿਚ 12 ਸਿਲੰਡਰਾਂ 'ਤੇ ਸਬਸਿਡੀ ਮਿਲਦੀ ਹੈ। ਪੈਟਰੋਲ ਅਤੇ ਡੀਜ਼ਲ ਦੇ ਭਾਅ ਦੀ ਸਮੀਖਿਆ ਰੋਜ਼ਾਨਾ ਅਤੇ ਜਹਾਜ਼ ਈਂਧਣ ਦੀ ਸਮੀਖਿਆ ਪੰਦਰਵਾੜੇ ਦੇ ਆਧਾਰ 'ਤੇ ਕੀਤੀ ਜਾਂਦੀ ਹੈ।


cherry

Content Editor cherry