1 ਸਤੰਬਰ ਤੋਂ ਹਵਾਈ ਯਾਤਰਾ ਹੋਵੇਗੀ ਮਹਿੰਗੀ, ਕਿਰਾਏ 'ਚ ਜੁੜੇਗੀ ਇਹ ਫੀਸ

08/27/2020 3:13:14 PM

ਨਵੀਂ ਦਿੱਲੀ— 1 ਸਤੰਬਰ ਤੋਂ ਘਰੇਲੂ ਅਤੇ ਕੌਮਾਂਤਰੀ ਮਾਰਗਾਂ 'ਤੇ ਹਵਾਈ ਯਾਤਰਾ ਮਹਿੰਗੀ ਹੋਣ ਜਾ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਘਰੇਲੂ ਤੇ ਕੌਮਾਂਤਰੀ ਯਾਤਰੀਆਂ ਕੋਲੋਂ ਜ਼ਿਆਦਾ ਹਵਾਬਾਜ਼ੀ ਸੁਰੱਖਿਆ ਫੀਸ (ਏ. ਐੱਸ. ਐੱਫ.) ਵਸੂਲਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਤੁਹਾਡੀ ਹਵਾਈ ਟਿਕਟ ਦੀ ਕੀਮਤ 'ਚ ਥੋੜ੍ਹਾ-ਜਿਹਾ ਵਾਧਾ ਹੋ ਸਕਦਾ ਹੈ। ਇਸ ਦਾ ਅਸਰ ਘਰੇਲੂ ਤੇ ਕੌਮਾਂਤਰੀ ਦੋਹਾਂ ਮੁਸਾਫਰਾਂ 'ਤੇ ਹੋਵੇਗਾ।

ਡੀ. ਜੀ. ਸੀ. ਏ. ਮੁਤਾਬਕ, ਅਗਲੇ ਮਹੀਨੇ ਤੋਂ ਘਰੇਲੂ ਹਵਾਈ ਯਾਤਰੀਆਂ ਨੂੰ ਏ. ਐੱਸ. ਐੱਫ. ਦੇ ਤੌਰ 'ਤੇ 160 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜੋ ਪਹਿਲਾਂ 150 ਰੁਪਏ ਸੀ।

ਉੱਥੇ ਹੀ, ਕੌਮਾਂਤਰੀ ਯਾਤਰੀਆਂ ਨੂੰ 1 ਸਤੰਬਰ 2020 ਤੋਂ 4.85 ਡਾਲਰ ਦੀ ਬਜਾਏ 5.2 ਡਾਲਰ ਬਤੌਰ ਏ. ਐੱਸ. ਐੱਫ. ਚੁਕਾਉਣਾ ਹੋਵੇਗਾ।

ਗੌਰਤਲਬ ਹੈ ਕਿ ਜਹਾਜ਼ ਕੰਪਨੀਆਂ ਟਿਕਟਾਂ ਦੀ ਬੁਕਿੰਗ ਦੌਰਾਨ ਏ. ਐੱਸ. ਐੱਫ. ਵਸੂਲ ਕੇ ਸਰਕਾਰ ਕੋਲ ਜਮ੍ਹਾ ਕਰਾਉਂਦੀਆਂ ਹਨ। ਇਸ ਰਕਮ ਦਾ ਇਸਤੇਮਾਲ ਪੂਰੇ ਦੇਸ਼ ਦੇ ਹਵਾਈ ਅੱਡਿਆਂ ਦੀ ਸੁਰੱਖਿਆ ਵਿਵਸਥਾ 'ਤੇ ਖਰਚ ਕੀਤਾ ਜਾਂਦਾ ਹੈ। ਮੰਤਰਾਲਾ ਨੇ ਪਿਛਲੇ ਸਾਲ ਵੀ ਏ. ਐੱਸ. ਐੱਫ. 'ਚ ਵਾਧਾ ਕੀਤਾ ਸੀ। ਪਿਛਲੇ ਸਾਲ 7 ਜੂਨ ਨੂੰ ਘਰੇਲੂ ਯਾਤਰੀਆਂ ਲਈ ਏ. ਐੱਸ. ਐੱਫ. 130 ਰੁਪਏ ਤੋਂ ਵਧਾ ਕੇ 150 ਰੁਪਏ ਕਰ ਦਿੱਤਾ ਗਿਆ ਸੀ, ਜਦੋਂ ਕਿ ਕੌਮਾਂਤਰੀ ਯਾਤਰੀਆਂ ਲਈ ਇਹ ਫੀਸ 3.25 ਡਾਲਰ ਤੋਂ ਵਧਾ ਕੇ 4.85 ਡਾਲਰ ਕਰ ਦਿੱਤੀ ਗਈ ਸੀ, ਜੋ ਜੁਲਾਈ 2019 ਤੋਂ ਪ੍ਰਭਾਵੀ ਹੋਈ ਸੀ।


Sanjeev

Content Editor

Related News