ਕੋਵਿਡ : ਸਿੰਗਾਪੁਰ, ਹਾਂਗਕਾਂਗ ਵਿਚਕਾਰ 26 ਮਈ ਤੋਂ ਖੁੱਲ੍ਹੇਗੀ ਹਵਾਈ ਯਾਤਰਾ
Monday, Apr 26, 2021 - 02:30 PM (IST)
ਸਿੰਗਾਪੁਰ- ਸਿੰਗਾਪੁਰ ਤੇ ਹਾਂਗਕਾਂਗ ਨੇ ਮਹਾਮਾਰੀ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਸਾਵਧਾਨੀ ਦੇ ਨਾਲ 26 ਮਈ ਤੋਂ ਏਅਰ ਟ੍ਰੈਵਲ ਬਬਲ (ਏ. ਟੀ. ਬੀ.) ਨੂੰ ਸ਼ੁਰੂ ਕੀਤੇ ਜਾਣ ਦੀ ਸਹਿਮਤੀ ਜਤਾਈ ਹੈ।
ਏ. ਟੀ. ਬੀ. ਵਿਵਸਥਾ ਪਿਛਲੇ ਸਾਲ ਨਵੰਬਰ ਵਿਚ ਸ਼ੁਰੂ ਕੀਤੀ ਗਈ ਸੀ ਪਰ ਹਾਂਗਕਾਂਗ ਵਿਚ ਮਹਾਮਾਰੀ ਦੇ ਮੱਦੇਨਜ਼ਰ ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਸਿੰਗਾਪੁਰ ਦੇ ਆਵਾਜਾਈ ਮੰਤਰਾਲਾ ਨੇ ਕਿਹਾ ਕਿ ਪ੍ਰਬੰਧਾਂ ਦੀ ਸਮੀਖਿਆ ਕਰਨ ਪਿੱਛੋਂ ਸਮਝੌਤੇ ਵਿਚ ਕਈ ਸੁਧਾਰ ਕੀਤੇ ਗਏ, ਜਿਸ ਵਿਚ ਏ. ਟੀ. ਬੀ. ਨੂੰ ਦੁਬਾਰਾ ਸ਼ੁਰੂ ਕਰਨ ਲਈ ਸਖ਼ਤ ਸ਼ਰਤਾਂ ਵੀ ਸ਼ਾਮਲ ਹਨ। ਮੰਤਰਾਲਾ ਨੇ ਕਿਹਾ ਕਿ ਹਾਂਗਾਕਾਂਗ ਵਿਚ ਕੋਵਿਡ-19 ਦੀ ਸਥਿਤੀ ਵਿਚ ਸੁਧਾਰ ਹੋਇਆ ਹੈ ਅਤੇ ਪਿਛਲੇ ਕੁਝ ਹਫ਼ਤਿਆਂ ਵਿਚ ਸੰਕਰਮਣ ਦੇ ਮਾਮਲਿਆਂ ਵਿਚ ਸਥਾਨਕ ਸੰਪਰਕ ਦੇ ਮਾਮਲੇ ਬਹੁਤ ਘੱਟ ਹਨ। ਮੰਤਰਾਲਾ ਨੇ ਕਿਹਾ ਕਿ ਦੋਹਾਂ ਸ਼ਹਿਰਾਂ ਦੇ ਜੋਖਮ ਦੇ ਖਦਸ਼ੇ ਹੁਣ ਇਕੋ-ਜਿਹੇ ਹਨ। ਮੰਤਰਾਲਾ ਨੇ ਅੱਗੇ ਕਿਹਾ ਕਿ 26 ਮਈ ਤੱਕ ਦੋਹਾਂ ਦੇਸ਼ਾਂ ਵੱਲੋਂ ਕੋਵਿਡ-19 ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾਵੇਗੀ ਅਤੇ ਜੇਕਰ ਸਥਿਤੀ ਲਗਾਤਾਰ ਠੀਕ ਬਣੀ ਰਹੀ ਤਾਂ ਹਵਾਈ ਯਾਤਰਾ ਨੂੰ ਸਾਵਧਾਨੀ ਨਾਲ ਸ਼ੁਰੂ ਕੀਤਾ ਜਾਵੇਗਾ।