ਕੋਵਿਡ-19 ਕਾਰਨ ਹਵਾਈ ਮੁਸਾਫਰਾਂ ਦੀ ਗਿਣਤੀ ਜੂਨ 'ਚ 84 ਫੀਸਦੀ ਘਟੀ

07/17/2020 6:55:01 PM

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜਾਰੀ ਪਾਬੰਦੀਆਂ ਕਾਰਨ ਜੂਨ 'ਚ ਦੇਸ਼ 'ਚ ਹਵਾਈ ਯਾਤਰੀਆਂ ਦੀ ਗਿਣਤੀ ਇਕ ਸਾਲ ਪਹਿਲਾਂ ਦੀ ਤੁਲਨਾ 'ਚ ਤਕਰੀਬਨ 84 ਫੀਸਦੀ ਘੱਟ ਕੇ ਸਿਰਫ 20 ਲੱਖ ਰਹਿ ਗਈ।

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੱਲੋਂ ਜਾਰੀ ਡਾਟਾ ਮੁਤਾਬਕ, ਜੂਨ 'ਚ ਘਰੇਲੂ ਮਾਰਗਾਂ 'ਤੇ 19.84 ਲੱਖ ਯਾਤਰੀਆਂ ਨੇ ਸਫਰ ਕੀਤਾ, ਜੋ ਪਿਛਲੇ ਸਾਲ ਜੂਨ ਦੇ ਇਕ ਕਰੋੜ 20 ਲੱਖ 25 ਹਜ਼ਾਰ ਦੀ ਤੁਲਨਾ 'ਚ 83.5 ਫੀਸਦੀ ਘੱਟ ਹੈ। ਕੋਰੋਨਾ ਕਾਰਨ ਦੋ ਮਹੀਨੇ ਤੱਕ ਰੈਗੂਲਰ ਉਡਾਣਾਂ ਪੂਰੀ ਤਰ੍ਹਾਂ ਬੰਦ ਰਹਿਣ ਪਿੱਛੋਂ 25 ਮਈ ਤੋਂ ਘਰੇਲੂ ਮਾਰਗਾਂ 'ਤੇ ਦੁਬਾਰਾ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।

ਫਿਲਹਾਲ ਉਡਾਣਾਂ ਦੀ ਗਿਣਤੀ ਸੀਮਤ ਹੈ, ਨਾਲ ਹੀ ਕੁਝ ਸੂਬਾ ਸਰਕਾਰਾਂ ਵੱਲੋਂ ਵਾਧੂ ਪਾਬੰਦੀਆਂ ਲਾਏ ਜਾਣ ਨਾਲ ਵੀ ਉਡਾਣਾਂ ਦੀ ਗਿਣਤੀ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਮਹਾਮਾਰੀ ਕਾਰਨ ਲੋਕ ਸਿਰਫ ਜ਼ਰੂਰੀ ਕੰਮ ਨਾਲ ਹੀ ਯਾਤਰਾ ਕਰ ਰਹੇ ਹਨ। ਬਿਮਾਰੀ ਦਾ ਡਰ ਅਤੇ ਕੁਅਰੰਟੀਨ ਦੀਆਂ ਸ਼ਰਤਾਂ ਨੂੰ ਦੇਖਦੇ ਹੋਏ ਵੀ ਲੋਕ ਯਾਤਰਾ ਤੋਂ ਬਚ ਰਹੇ ਹਨ। ਅੰਕੜਿਆਂ ਅਨੁਸਾਰ, ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਕੋਵਿਡ-19 ਦੌਰਾਨ ਵੱਧ ਕੇ 50 ਫੀਸਦੀ ਨੂੰ ਪਾਰ ਕਰ ਗਈ ਹੈ। ਜੂਨ 'ਚ ਉਸ ਦੀ ਬਾਜ਼ਾਰ ਹਿੱਸੇਦਾਰੀ 52.8 ਫੀਸਦੀ ਰਹੀ।


Sanjeev

Content Editor

Related News