ਦੁਬਈ ਦਾ ਸਫਰ ਹੋ ਸਕਦੈ ਸਸਤਾ, ਸ਼ੁਰੂ ਹੋਣ ਜਾ ਰਹੀ ਹੈ ਨਵੀਂ ਫਲਾਈਟ
Saturday, May 18, 2019 - 03:58 PM (IST)
ਨਵੀਂ ਦਿੱਲੀ— ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਜਲਦ ਹੀ ਦੁਬਈ ਨੂੰ ਨਵੀਂ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਦੁਬਈ ਲਈ ਇਹ ਨਵੀਂ ਫਲਾਈਟ ਦਿੱਲੀ ਅਤੇ ਮੁੰਬਈ ਤੋਂ ਚੱਲੇਗੀ। ਨਿੱਜੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦਾ ਕੰਮਕਾਜ ਠੱਪ ਹੋਣ ਕਾਰਨ ਇਸ ਮਾਰਗ 'ਤੇ ਹਵਾਈ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਪਹਿਲੀ ਜੂਨ ਨੂੰ ਦੁਬਈ ਲਈ ਨਵੀਂ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਇਸ ਨਾਲ ਹਵਾਈ ਮੁਸਾਫਰਾਂ ਨੂੰ ਕਿਰਾਏ ਦੇ ਮਾਮਲੇ 'ਚ ਥੋੜ੍ਹੀ ਰਾਹਤ ਮਿਲ ਸਕਦੀ ਹੈ। ਨਵੀਂ ਫਲਾਈਟਸ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ।
ਦੁਬਈ ਨੂੰ ਭਾਰਤੀ ਲੋਕਾਂ ਲਈ ਸਭ ਤੋਂ ਪਸੰਦੀਦਾ ਖੇਤਰਾਂ 'ਚੋਂ ਇਕ ਮੰਨਿਆ ਜਾਂਦਾ ਹੈ ਕਿਉਂਕਿ ਕਾਰੋਬਾਰ ਦੇ ਨਾਲ-ਨਾਲ ਛੁੱਟੀਆਂ 'ਚ ਘੁੰਮਣ ਜਾਣ ਦੇ ਲਿਹਾਜ ਨਾਲ ਵੀ ਇਸ ਦੀ ਮੰਗ ਹੇਮਸ਼ਾ ਕਾਫੀ ਵੱਧ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ 2005-2012 ਵਿਚਕਾਰ ਵੀ ਇਸ ਪ੍ਰਮੁੱਖ ਰੂਟ 'ਤੇ ਸਰਕਾਰੀ ਕੰਪਨੀ ਰੋਜ਼ਾਨਾ ਛੇ ਫਲਾਈਟਸ ਚਲਾ ਰਹੀ ਸੀ। ਹੁਣ ਜੈੱਟ ਦਾ ਓਪਰੇਸ਼ਨ ਬੰਦ ਹੋਣ ਨਾਲ ਕੰਪਨੀ ਨੇ ਇਕ ਵਾਰ ਇਸ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਕੌਮਾਂਤਰੀ ਰੂਟਾਂ 'ਤੇ ਫਲਾਈਟਸ ਦੀ ਗਿਣਤੀ ਵਧਣ ਨਾਲ ਕਿਰਾਏ ਘੱਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉੱਥੇ ਹੀ, ਸਪਾਈਸ ਜੈੱਟ, ਇੰਡੀਗੋ ਤੇ ਵਿਸਤਾਰਾ ਵੀ ਜੈੱਟ ਏਅਰਵੇਜ਼ ਦੇ ਖਾਲੀ ਪਏ ਕੌਮਾਂਤਰੀ ਸਲਾਟਸ 'ਤੇ ਫਲਾਈਟ ਸ਼ੁਰੂ ਕਰਨ ਲਈ ਮਨਜ਼ੂਰੀ ਲੈਣ ਦੀ ਦੌੜ 'ਚ ਹਨ।
