Air India ਦੀ ਬਰਮਿੰਘਮ ਫਲਾਈਟ ਬੰਦ, 16 ਤੋਂ ਨਹੀਂ ਭਰੇਗੀ ਉਡਾਣ
Thursday, Mar 14, 2019 - 03:53 PM (IST)

ਨਵੀਂ ਦਿੱਲੀ— ਸਰਕਾਰੀ ਜਹਾਜ਼ ਕੰਪਨੀ ਦੀ ਫਲਾਈਟ 'ਚ ਬਰਮਿੰਘਮ ਜਾਂ ਮੈਡਰਿਡ ਜਾਣ ਦੀ ਯੋਜਨਾ ਤਾਂ ਹੈ ਤੁਹਾਡੇ ਲਈ ਅਹਿਮ ਖਬਰ ਹੈ। ਏਅਰ ਇੰਡੀਆ ਦੀ ਫਲਾਈਟ ਸ਼ਨੀਵਾਰ ਤੋਂ ਇਨ੍ਹਾਂ ਸ਼ਹਿਰਾਂ ਲਈ ਅਸਥਾਈ ਤੌਰ 'ਤੇ ਬੰਦ ਹੋ ਜਾਵੇਗੀ। ਦਿੱਲੀ ਅਤੇ ਅੰਮ੍ਰਿਤਸਰ ਤੋਂ ਰਵਾਨਾ ਹੋਣ ਵਾਲੇ ਮੁਸਾਫਰਾਂ 'ਤੇ ਇਸ ਦਾ ਅਸਰ ਹੋਵੇਗਾ। ਪਾਕਿਸਤਾਨ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਕੰਪਨੀ ਨੇ ਇਹ ਫੈਸਲਾ ਕੀਤਾ ਹੈ।
ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਬਾਲਾਕੋਟ 'ਚ ਹਵਾਈ ਹਮਲਾ ਕੀਤਾ ਸੀ। ਇਸ ਮਗਰੋਂ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਰੱਖਿਆ ਹੈ। ਇਸ ਵਜ੍ਹਾ ਨਾਲ ਜਹਾਜ਼ਾਂ ਨੂੰ ਹੋਰ ਰਸਤਿਓਂ ਘੁੰਮ ਕੇ ਜਾਣਾ ਪੈ ਰਿਹਾ ਹੈ।
ਇਕ ਟਵੀਟ 'ਚ ਸਰਕਾਰੀ ਜਹਾਜ਼ ਕੰਪਨੀ ਨੇ ਕਿਹਾ ਕਿ, ''16 ਮਾਰਚ ਤੋਂ ਅਗਲੇ ਨੋਟਿਸ ਤਕ ਉਡਾਣਾਂ 'ਤੇ ਰੋਕ ਲਾਈ ਜਾ ਰਹੀ ਹੈ।'' ਫਲਾਈਟ ਨੰਬਰ 135 ਦਿੱਲੀ-ਮੈਡਰਿਡ ਅਤੇ ਫਲਾਈਟ ਨੰਬਰ 136 ਮੈਡਰਿਡ-ਦਿੱਲੀ ਨੂੰ ਬੰਦ ਕੀਤਾ ਜਾ ਰਿਹਾ ਹੈ। ਉੱਥੇ ਹੀ, ਫਲਾਈਟ ਨੰਬਰ 113 ਦਿੱਲੀ-ਬਰਮਿੰਘਮ ਅਤੇ 114 ਬਰਮਿੰਘਮ-ਦਿੱਲੀ ਉਡਾਣ ਵੀ ਰੋਕੀ ਜਾ ਰਹੀ ਹੈ। ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਫਲਾਈਟ ਨੰਬਰ 117 ਅਤੇ ਬਰਮਿੰਘਮ ਤੋਂ ਅੰਮ੍ਰਿਤਸਰ ਪਹੁੰਚਣ ਵਾਲੀ ਫਲਾਈਟ ਨੰਬਰ 118 ਵੀ ਇਸ ਦੌਰਾਨ ਬੰਦ ਰਹੇਗੀ। ਕੰਪਨੀ ਨੇ ਕਿਹਾ ਹੈ ਕਿ ਮੁਸਾਫਰਾਂ ਨੂੰ ਟਿਕਟ ਰਿਫੰਡ ਕਰ ਦਿੱਤੀ ਜਾਵੇਗੀ।