AIR INDIA 'ਚ ਟਿਕਟ ਪੱਕੀ ਕਰਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ
Friday, Aug 14, 2020 - 04:26 PM (IST)
ਨਵੀਂ ਦਿੱਲੀ, (ਵਾਰਤਾ)— ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ 'ਚ ਵੰਦੇ ਭਾਰਤ ਮਿਸ਼ਨ ਤਹਿਤ ਟਿਕਟ ਕਰਾਉਣ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ।
ਸਰਕਾਰੀ ਖੇਤਰ ਦੀ ਏਅਰ ਇੰਡੀਆ ਨੇ ਵੰਦੇ ਭਾਰਤ ਮਿਸ਼ਨ ਤਹਿਤ ਟਿਕਟਾਂ ਲਈ ਜ਼ਿਆਦਾ ਕਿਰਾਇਆ ਵਸੂਲਣ ਵਾਲੇ ਏਜੰਟਾਂ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨਾਲ ਲੈਣ-ਦੇਣ ਤਤਕਾਲ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਇਕ ਨਿੱਜੀ ਸਮਾਚਾਰ ਚੈਨਲ ਦੇ ਸਟਿੰਗ ਆਪਰੇਸ਼ਨ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਕੁਝ ਏਜੰਟ ਵੰਦੇ ਭਾਰਤ ਮਿਸ਼ਨ ਦੀਆਂ ਟਿਕਟਾਂ ਲਈ ਯਾਤਰੀਆਂ ਕੋਲੋਂ ਜ਼ਿਆਦਾ ਕਿਰਾਇਆ ਵਸੂਲ ਰਹੇ ਹਨ। ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਉਨ੍ਹਾਂ ਸਾਰੇ ਏਜੰਟਾਂ ਨਾਲ ਟ੍ਰਾਂਜੈਕਸ਼ਨ ਰੱਦ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਨਾਮ ਸਟਿੰਗ ਆਪਰੇਸ਼ਨ 'ਚ ਸਾਹਮਣੇ ਆਏ ਸਨ।
06 ਮਈ ਨੂੰ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੀਤੀ ਗਈ ਸੀ। ਇਸ 'ਚ ਹਰ ਮਾਰਗ ਦਾ ਕਿਰਾਇਆ ਸਰਕਾਰ ਵੱਲੋਂ ਨਿਰਧਾਰਤ ਕੀਤਾ ਗਿਆ ਹੈ। ਏਅਰਲਾਈਨ ਨੇ ਕਿਹਾ ਕਿ ਉਸ ਨੇ ਦਿੱਲੀ ਦੇ ਬਾਰਾਖੰਬਾ ਰੋਡ ਸਥਿਤ ਏਅਰ ਵਿਊ ਸਰਵਿਸਿਜ਼, ਜੰਗਪੁਰਾ ਸਥਿਤ ਰੀਅਲ ਫਲਾਈ ਟੂਰ ਐਂਡ ਟਰੈਵਲਜ਼ ਅਤੇ ਲਾਜਪਤ ਨਗਰ ਸਟੇਸ਼ਨਰੀ ਫ੍ਰੈਂਡਸ ਟਿਕਟਿੰਗ ਹੱਬ ਦੇ ਨਾਲ ਆਪਣੇ ਟ੍ਰਾਂਜੈਕਸ਼ਨ ਤਤਕਾਲ ਪ੍ਰਭਾਵ ਨਾਲ ਰੱਦ ਕਰ ਦਿੱਤੇ ਹਨ। ਇਨ੍ਹਾਂ ਤਿੰਨਾਂ ਦੇ ਨਾਮ ਸਟਿੰਗ ਆਪ੍ਰੇਸ਼ਨ 'ਚ ਸਾਹਮਣੇ ਆਏ ਸਨ।
ਏਅਰ ਇੰਡੀਆ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਗਲਤ ਕੰਮਾਂ ਲਈ ਏਅਰਲਾਈਨ 'ਚ 'ਜ਼ੀਰੋ ਟੌਲਰੈਂਸ' ਦੀ ਨੀਤੀ ਹੈ। 29 ਜੁਲਾਈ ਨੂੰ ਹੀ ਉਸ ਨੇ ਆਪਣੇ ਸਾਰੇ ਏਜੰਟਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਬਹੁਤ ਜ਼ਿਆਦਾ ਕਿਰਾਇਆ ਨਾ ਲੈਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਏਅਰਲਾਈਨ ਨੇ ਆਮ ਲੋਕਾਂ ਨੂੰ ਉਸ ਦੀ ਵੈੱਬਸਾਈਟ 'ਤੇ ਆਪਣੇ ਰੂਟ ਦਾ ਕਿਰਾਇਆ ਚੈੱਕ ਕਰਨ ਅਤੇ ਏਜੰਟਾਂ ਨੂੰ ਵਾਧੂ ਭੁਗਤਾਨ ਨਾ ਕਰਨ ਲਈ ਸਾਵਧਾਨ ਕੀਤਾ ਹੈ।