ਬੁਕਿੰਗ ਨੂੰ ਲੈ ਕੇ ਟ੍ਰੈਵਲ ਏਜੰਟਾਂ ਨੇ AIR INDIA ''ਤੇ ਲਾਇਆ ਇਹ ਦੋਸ਼
Friday, Aug 07, 2020 - 07:17 PM (IST)
ਨਵੀਂ ਦਿੱਲੀ, (ਭਾਸ਼ਾ)— ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ (ਟੀ. ਏ. ਏ. ਆਈ.) ਦਾ ਦੋਸ਼ ਹੈ ਕਿ ਏਅਰ ਇੰਡੀਆ ਟ੍ਰੈਵਲ ਏਜੰਟਾਂ ਨੂੰ ਸਿਰਫ ਵੰਦੇ ਭਾਰਤ ਮਿਸ਼ਨ ਦੀਆਂ ਚੋਣਵੀਆਂ ਉਡਾਣਾਂ ਲਈ ਸੀਟਾਂ ਬੁੱਕ ਕਰਨ ਦੀ ਆਗਿਆ ਦੇ ਰਹੀ ਹੈ। ਬਾਕੀ ਹੋਰ ਉਡਾਣਾਂ ਦੀ ਬੁਕਿੰਗ ਲਈ ਕੰਪਨੀ ਨੇ ਉਨ੍ਹਾਂ ਨੂੰ 'ਬਲਾਕ' ਕੀਤਾ ਹੋਇਆ ਹੈ।
ਇਸ ਬਾਰੇ ਗੱਲ ਕਰਨ 'ਤੇ ਏਅਰ ਇੰਡੀਆ ਨੇ ਕਿਹਾ ਕਿ ਉਸ ਨੂੰ ਯਾਤਰੀਆਂ ਵੱਲੋਂ ਏਜੰਟ ਅਤੇ ਉਨ੍ਹਾਂ ਨਾਲ ਜੁੜੇ ਛੋਟੇ ਏਜੰਟਾਂ ਵੱਲੋਂ ਟਿਕਟ ਬੁੱਕ ਕਰਨ 'ਤੇ ਵਾਧੂ ਚਾਰਜ ਵਸੂਲੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਵਿਸ਼ੇਸ਼ ਤੌਰ 'ਤੇ ਉਨ੍ਹਾਂ ਮਾਰਗਾਂ 'ਤੇ ਜ਼ਿਨ੍ਹਾਂ ਦੀ ਮੰਗ ਜ਼ਿਆਦਾ ਹੈ। ਅਜਿਹੇ 'ਚ ਕੰਪਨੀ ਵੱਲੋਂ ਟਿਕਟ ਵੰਡ ਤੱਕ ਪਹੁੰਚ ਸੀਮਤ ਕੀਤੀ ਗਈ ਹੈ।
ਟੀ. ਏ. ਏ. ਆਈ. ਨੇ ਵੀਰਵਾਰ ਦੇਰ ਰਾਤ ਇਕ ਬਿਆਨ 'ਚ ਏਅਰ ਇੰਡੀਆ 'ਤੇ 'ਏਕਾਧਿਕਾਰਿਕ' ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਸੀ। ਬਿਆਨ ਮੁਤਾਬਕ, ''ਕਈ ਬੇਨਤੀਆਂ ਤੋਂ ਬਾਅਦ ਏਜੰਟਾਂ ਨੂੰ ਗਲੋਬਲ ਵੰਡ ਪ੍ਰਣਾਲੀ (ਜੀ. ਡੀ. ਐੱਸ.) 'ਤੇ ਹਵਾਈ ਯਾਤਰਾ ਟਿਕਟ ਬੁੱਕ ਕਰਨ ਦੀ ਮਨਜ਼ੂਰੀ ਦਿੱਤੀ ਗਈ ਪਰ ਹੁਣ ਇਸ 'ਤੇ ਫਿਰ ਰੋਕ ਲਾ ਦਿੱਤੀ ਹੈ, ਸਿਰਫ ਚੋਣਵੇਂ ਮਾਰਗਾਂ ਦੇ ਹੀ ਟਿਕਟ ਬੁੱਕ ਕਰਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਇਹ ਪੂਰੀ ਤਰ੍ਹਾਂ ਗਲਤ ਅਤੇ ਪੱਖਪਾਤੀ ਹੈ।'' ਟੀ. ਏ. ਏ. ਆਈ. 2,500 ਤੋਂ ਜ਼ਿਆਦਾ ਟ੍ਰੈਵਲ ਏਜੰਟ ਕੰਪਨੀਆਂ ਅਤੇ ਉਨ੍ਹਾਂ ਦੇ ਮੈਂਬਰਾਂ ਦੀ ਅਗਵਾਈ ਕਰਦੀ ਹੈ।