15 ਜਨਵਰੀ ਤੋਂ ਏਅਰ ਇੰਡੀਆ ਸ਼ਿਕਾਗੋ ਲਈ ਸ਼ੁਰੂ ਕਰੇਗੀ ਨਾਨ-ਸਟਾਪ ਉਡਾਣਾਂ

Wednesday, Dec 09, 2020 - 05:43 PM (IST)

15 ਜਨਵਰੀ ਤੋਂ ਏਅਰ ਇੰਡੀਆ ਸ਼ਿਕਾਗੋ ਲਈ ਸ਼ੁਰੂ ਕਰੇਗੀ ਨਾਨ-ਸਟਾਪ ਉਡਾਣਾਂ

ਨਵੀਂ ਦਿੱਲੀ— ਸੰਯੁਕਤ ਰਾਜ ਅਮਰੀਕਾ ਦੇ ਸ਼ਿਕਾਗੋ ਲਈ ਹੈਦਰਾਬਾਦ ਤੋਂ ਏਅਰ ਇੰਡੀਆ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਰਾਸ਼ਟਰੀ ਜਹਾਜ਼ ਸੇਵਾ ਕੰਪਨੀ 15 ਜਨਵਰੀ ਤੋਂ ਹੈਦਰਾਬਾਦ-ਸ਼ਿਕਾਗੋ ਉਡਾਣ ਸੇਵਾ ਸ਼ੁਰੂ ਕਰੇਗੀ। ਇਹ ਉਡਾਣ ਹਫ਼ਤੇ 'ਚ ਦੋ ਵਾਰ ਉਪਲਬਧ ਹੋਵੇਗੀ।

ਜੀ. ਐੱਮ. ਆਰ. ਦੀ ਅਗਵਾਈ ਵਾਲੇ ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਏਅਰਲਾਈਨ ਵੱਲੋਂ ਇਸ ਮਾਰਗ 'ਤੇ ਬੋਇੰਗ 777-200 ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ 'ਚ ਕੁੱਲ 238 ਸੀਟਾਂ ਹਨ। ਇਨ੍ਹਾਂ 'ਚ 8 ਫਸਟ ਕਲਾਸ, 35 ਬਿਜ਼ਨੈੱਸ ਕਲਾਸ ਅਤੇ 195 ਇਕਨੋਮਿਕਸ ਕਲਾਸ ਦੀਆਂ ਸੀਟਾਂ ਸ਼ਾਮਲ ਹਨ।

ਹੈਦਰਾਬਾਦ-ਸ਼ਿਕਾਗੋ ਲਈ ਸਿੱਧੀ ਉਡਾਣ ਤੋਂ ਇਲਾਵਾ ਏਅਰ ਇੰਡੀਆ ਅਗਲੇ ਮਹੀਨੇ ਤੋਂ ਬੇਂਗਲੁਰੂ ਅਤੇ ਸੈਨ ਫਰਾਂਸਿਸਕੋ ਨੂੰ ਜੋੜਨ ਦੀ ਵੀ ਯੋਜਨਾ ਬਣਾ ਰਹੀ ਹੈ।

ਜੀ. ਐੱਮ. ਆਰ. ਹੈਦਰਾਬਾਦ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਸੀ. ਈ. ਓ. ਪ੍ਰਦੀਪ ਪਾਨੀਕਰ ਨੇ ਕਿਹਾ, “ਇਹ ਨਵਾਂ ਨਾਨ-ਸਟਾਪ ਰਸਤਾ ਪਿਛਲੇ ਕਾਫ਼ੀ ਸਮੇਂ ਤੋਂ ਸਾਡੀ ਕੁਨੈਕਟੀਵਿਟੀ ਇੱਛਾ ਸੂਚੀ 'ਚ ਸੀ ਅਤੇ ਸਾਨੂੰ ਖੁਸ਼ੀ ਹੈ ਕਿ ਇਹ ਸਾਡੀ ਆਪਣੀ ਰਾਸ਼ਟਰੀ ਜਹਾਜ਼ ਸੇਵਾ ਕੰਪਨੀ ਹੈ ਜੋ ਇਸ ਸੇਵਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ।'' ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦਾ ਤੇਲਗੂ ਪ੍ਰਵਾਸੀ ਅਮਰੀਕਾ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਭਾਈਚਾਰੇ 'ਚੋਂ ਇਕ ਹੈ। ਹਵਾਈ ਅੱਡਾ ਸੰਚਾਲਕ ਨੇ ਕਿਹਾ ਕਿ ਹੈਦਰਾਬਾਦ ਨੂੰ ਭਾਰਤ ਦੇ ਫਾਰਮਾ ਕੈਪੀਟਲ ਅਤੇ ਵੈਕਸਿਨ ਨਿਰਮਾਣ ਹੱਬ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਯੂ. ਐੱਸ. ਲਈ ਉਡਾਣਾਂ ਸ਼ੁਰੂ ਹੋਣ ਨਾਲ ਇਸ ਖੇਤਰ ਨੂੰ ਵੀ ਫਾਇਦਾ ਹੋਵੇਗਾ।


author

Sanjeev

Content Editor

Related News