AIR INDIA ਨੂੰ ਖ਼ਰੀਦਣ ਲਈ ਕੰਪਨੀ ਦੇ ਮੁਲਾਜ਼ਮਾਂ ਦੇ ਗਰੁੱਪ ਨੇ ਜਮ੍ਹਾ ਕਰਾਈ ਬੋਲੀ
Monday, Dec 14, 2020 - 04:47 PM (IST)
ਨਵੀਂ ਦਿੱਲੀ— ਰਾਸ਼ਟਰੀ ਜਹਾਜ਼ ਸੇਵਾ ਕੰਪਨੀ ਨੂੰ ਖ਼ਰੀਦਣ ਲਈ ਇਸ ਦੇ ਤਕਰੀਬਨ 209 ਮੁਲਾਜ਼ਮਾਂ ਦਾ ਗਰੁੱਪ ਬੋਲੀ ਲਾਉਣ 'ਚ ਦਿਲਚਸਪੀ ਦਿਖਾਈ ਹੈ ਅਤੇ ਇਕ ਨਿੱਜੀ ਵਿੱਤੀ ਸਾਂਝੇਦਾਰ ਨਾਲ ਮਿਲ ਕੇ ਸ਼ੁਰੂਆਤੀ ਦਿਲਚਸਪੀ ਪੱਤਰ (ਈ. ਓ. ਆਈ.) ਜਮ੍ਹਾ ਕਰਾ ਦਿੱਤਾ ਹੈ। ਏਅਰ ਇੰਡੀਆ ਲਿਮਟਿਡ ਦੇ ਮੁਲਾਜ਼ਮਾਂ ਦੇ ਗਰੁੱਪ ਨੇ ਘਾਟੇ 'ਚ ਚੱਲ ਰਹੀ ਸਰਕਾਰੀ ਜਹਾਜ਼ ਕੰਪਨੀ 'ਚ 51 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਲਈ ਬੋਲੀ ਸੌਂਪੀ ਹੈ, ਜਦੋਂ ਕਿ 49 ਫ਼ੀਸਦੀ ਲਈ ਵਿੱਤੀ ਸਾਂਝੇਦਾਰ ਨੂੰ ਭਾਈਵਾਲ ਬਣਾਇਆ ਗਿਆ ਹੈ। ਕਾਰਪੋਰੇਟ ਇਤਿਹਾਸ ਦਾ ਇਹ ਪਹਿਲਾ ਮਾਮਲਾ ਹੋਵੇਗਾ ਜਦੋਂ ਕਿਸੇ ਸਰਕਾਰੀ ਕੰਪਨੀ ਨੂੰ ਉਸ ਦੇ ਹੀ ਕਰਮਚਾਰੀ ਖ਼ਰੀਦ ਲੈਣ ਦੀ ਦੌੜ 'ਚ ਸ਼ਾਮਲ ਹੋਏ ਹਨ।
ਹਰ ਮੁਲਾਜ਼ਮ ਦੇਵੇਗਾ 1-1 ਲੱਖ ਰੁਪਏ
ਕੰਪਨੀ ਦੀ ਵਪਾਰਕ ਨਿਰਦੇਸ਼ਕ ਅਤੇ ਬੋਲੀ ਪ੍ਰਕਿਰਿਆ ਦੀ ਅਗਵਾਈ ਕਰ ਰਹੀ ਮੀਨਾਕਸ਼ੀ ਮਲਿਕ ਮੁਤਾਬਕ, ਗੁਰੱਪ ਦੇ ਹਰ ਕਰਮਚਾਰੀ ਨੂੰ ਘੱਟੋ-ਘੱਟ 1,00,000 ਰੁਪਏ ਦਾ ਯੋਗਦਾਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਡੇ ਵਿੱਤੀ ਸਾਥੀ ਤੋਂ ਮਿਲੇ ਸਮਰਥਨ ਨਾਲ ਮੈਨੂੰ ਉਮੀਦ ਹੈ ਕਿ ਕੰਪਨੀ 'ਚ ਬੋਲੀ ਲਾਉਣ ਲਈ ਸਾਡੇ 'ਚੋਂ ਕਿਸੇ ਨੂੰ ਵੀ 1,00,000 ਰੁਪਏ ਤੋਂ ਵੱਧ ਦਾ ਯੋਗਦਾਨ ਨਹੀਂ ਦੇਣਾ ਪਵੇਗਾ।
ਗੌਰਤਲਬ ਹੈ ਕਿ ਸਰਕਾਰ ਘਾਟੇ 'ਚ ਚੱਲ ਰਹੀ ਏਅਰ ਇੰਡੀਆ ਨੂੰ ਚੱਲਦੇ ਰੱਖਣ ਲਈ 2017 ਤੋਂ ਇਸ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ ਦਿਲਚਸਪੀ ਪੱਤਰ ਜਮ੍ਹਾ ਕਰਾਉਣ ਦੀ ਅੰਤਿਮ ਤਾਰੀਖ਼ 14 ਦਸੰਬਰ ਸੀ। ਮਲਿਕ ਨੇ ਕਿਹਾ ਕਿ ਸਰਕਾਰ ਨੇ ਕਰਜ਼ੇ ਦੇ ਵੱਡੇ ਹਿੱਸੇ ਨੂੰ ਹਟਾ ਦਿੱਤਾ ਹੈ, ਇਸ ਲਈ ਅਸੀਂ ਸੋਚਿਆ ਕਿ ਸਾਡੇ ਨਾਲੋਂ ਵਧੀਆ ਕੌਣ ਹੌ? ਅਸੀਂ ਏਅਰਲਾਈਨ ਨੂੰ ਜਾਣਦੇ ਹਾਂ, ਅਸੀਂ ਜਾਣਦੇ ਹਾਂ ਕਿ ਮੁਸ਼ਕਲਾਂ ਕਿੱਥੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿੱਤਣ ਜਾਂ ਹਾਰਨ ਲਈ ਬੋਲੀ ਨਹੀਂ ਲਾ ਰਹੇ, ਅਸੀਂ ਇਹ ਇਸ ਲਈ ਲਾ ਰਹੇ ਹਾਂ ਕਿਉਂਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਏਅਰਲਾਈਨ ਨੂੰ ਚੰਗੀ ਤਰ੍ਹਾਂ ਚਲਾ ਸਕਦੇ ਹਾਂ।