ਏਅਰ ਇੰਡੀਆ 50 ਬੋਇੰਗ 737 ਮੈਕਸ ਜਹਾਜ਼ ਖਰੀਦਣ ਦੇ ਸੌਦੇ ਨੂੰ ਆਖਰੀ ਰੂਪ ਦੇਣ ਦੇ ਕਰੀਬ

Tuesday, Dec 13, 2022 - 10:33 AM (IST)

ਮੁੰਬਈ- ਟਾਟਾ ਗਰੁੱਪ ਦੀ ਕੰਪਨੀ ਏਅਰ ਇੰਡੀਆ 50 ਛੋਟੇ ਬੋਇੰਗ 737 ਮੈਕਸ ਜਹਾਜ਼ ਖਰੀਦਣ ਲਈ ਅਮਰੀਕੀ ਪ੍ਰਮੁੱਖ ਬੋਇੰਗ ਨਾਲ ਸੌਦੇ ਨੂੰ ਅੰਤਿਮ ਰੂਪ ਦੇਣ ਦੇ ਕਰੀਬ ਹੈ। ਕੰਪਨੀ ਇਹ ਜਹਾਜ਼ ਸਸਤੀ ਅੰਤਰਰਾਸ਼ਟਰੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਅਰ ਇੰਡੀਆ ਐਕਸਪ੍ਰੈਸ ਲਈ ਖਰੀਦ ਰਹੀ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਇਹ ਸੌਦਾ ਵੱਡੇ ਜਹਾਜ਼ ਦੇ ਆਰਡਰ ਦਾ ਹਿੱਸਾ ਹੋਵੇਗਾ। ਇਸ ਨੂੰ ਲੈ ਕੇ ਕੰਪਨੀ ਬੋਇੰਗ ਅਤੇ ਏਅਰਬੱਸ ਐੱਸ.ਈ ਨਾਲ ਇਸ ਸਬੰਧੀ ਮੌਜੂਦਾ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਗੱਲ ਕਰ ਰਹੀ ਹੈ।
ਘਾਟੇ 'ਚ ਚੱਲ ਰਹੀ ਏਅਰ ਇੰਡੀਆ ਦੀ ਅਗਲੇ ਤਿੰਨ ਸਾਲਾਂ 'ਚ ਆਪਣੇ ਜਹਾਜ਼ਾਂ ਦੇ ਬੇੜੇ ਨੂੰ ਤਿੰਨ ਗੁਣਾ ਕਰਨ ਦੀ ਯੋਜਨਾ ਰਹੀ ਹੈ। ਟਾਟਾ ਸਮੂਹ ਨੇ ਇਸ ਸਾਲ ਜਨਵਰੀ 'ਚ ਏਅਰ ਇੰਡੀਆ ਨੂੰ ਐਕੁਆਇਰ ਕੀਤਾ ਸੀ। ਏਅਰਲਾਈਨ ਕਾਰੋਬਾਰ ਨੂੰ ਮਜ਼ਬੂਤ ​​ਕਰਨ ਲਈ, ਟਾਟਾ ਸਮੂਹ ਨੇ ਆਪਣੀ ਘਰੇਲੂ ਕੰਪਨੀ ਏਅਰ ਏਸ਼ੀਆ ਇੰਡੀਆ ਦੇ ਏਅਰ ਇੰਡੀਆ ਨਾਲ ਰਲੇਵੇਂ ਦਾ ਐਲਾਨ ਵੀ ਕੀਤਾ ਹੈ। ਕੰਪਨੀ ਏਅਰਬੱਸ ਏ320 ਜਹਾਜ਼ਾਂ ਦੇ ਬੇੜੇ ਦਾ ਸੰਚਾਲਨ ਕਰਦੀ ਹੈ। ਫਿਲਹਾਲ ਏਅਰ ਇੰਡੀਆ ਐਕਸਪ੍ਰੈਸ ਕੋਲ ਇਸ ਸਮੇਂ 24 ਬੋਇੰਗ 737 ਜਹਾਜ਼ਾਂ ਦਾ ਬੇੜਾ ਹੈ।
ਸੂਤਰਾਂ ਨੇ ਕਿਹਾ ਕਿ ਸੌਦੇ 'ਤੇ ਹੋਰ ਚਰਚਾ ਕਰਨ ਲਈ ਏਅਰ ਇੰਡੀਆ ਅਤੇ ਬੋਇੰਗ ਦੇ ਅਧਿਕਾਰੀਆਂ ਦੀ ਸੋਮਵਾਰ ਨੂੰ ਬੈਠਕ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ''ਏਅਰ ਇੰਡੀਆ ਨੇ ਏਅਰ ਇੰਡੀਆ ਐਕਸਪ੍ਰੈਸ ਲਈ 50 ਬੋਇੰਗ 737 ਮੈਕਸ ਜਹਾਜ਼ ਖਰੀਦਣ ਲਈ ਬੋਇੰਗ ਨਾਲ ਸੌਦੇ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਹੈ। ਹਾਲਾਂਕਿ ਇਸ ਬਾਰੇ 'ਚ ਏਅਰ ਇੰਡੀਆ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


Aarti dhillon

Content Editor

Related News