Air India ''ਚ ਨਵੀਂ ਨੌਕਰੀ ਤੇ ਪ੍ਰਮੋਸ਼ਨ ''ਤੇ ਸਰਕਾਰ ਨੇ ਲਾਈ ਰੋਕ
Sunday, Jul 21, 2019 - 03:29 PM (IST)
ਨਵੀਂ ਦਿੱਲੀ— ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ 'ਚ ਨਵੀਂ ਭਰਤੀ ਤੇ ਤਰੱਕੀ ਰੋਕ ਦਿੱਤੀ ਗਈ ਹੈ। ਨਿੱਜੀਕਰਨ ਦੇ ਪ੍ਰਸਤਾਵ ਦੇ ਮੱਦੇਨਜ਼ਰ ਸਰਕਾਰ ਨੇ ਇਹ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਨਵੀਂ ਉਡਾਣ ਵੀ ਤਾਂ ਹੀ ਸ਼ੁਰੂ ਕੀਤੀ ਜਾ ਸਕਦੀ ਹੈ ਜੇਕਰ ਉਹ ਕਾਰੋਬਾਰੀ ਪੱਧਰ 'ਤੇ ਫਾਇਦੇਮੰਦ ਦਿਸ ਰਹੀ ਹੋਵੇ।
ਸੂਤਰਾਂ ਮੁਤਾਬਕ, ਇਹ ਹੁਕਮ ਨਿਵੇਸ਼ ਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ ਨੇ ਦਿੱਤਾ ਹੈ। ਪਿਛਲੇ ਕਾਰਜਕਾਲ 'ਚ ਬੋਲੀ ਲਾਉਣ ਵਾਲੇ ਨੂੰ ਲੱਭਣ 'ਚ ਨਾਕਾਮ ਰਹੀ ਨਰਿੰਦਰ ਮੋਦੀ ਸਰਕਾਰ ਸੱਤਾ 'ਚ ਦੁਬਾਰਾ ਵਾਪਸੀ 'ਤੇ ਏਅਰ ਇੰਡੀਆ ਨੂੰ ਨਿੱਜੀ ਹੱਥਾਂ 'ਚ ਵੇਚਣ ਲਈ ਵੱਡੇ ਪੱਧਰ 'ਤੇ ਕੰਮ ਕਰ ਰਹੀ ਹੈ। ਸਰਕਾਰ ਨੇ ਨਿੱਜੀਕਰਨ ਸੰਬੰਧੀ ਪ੍ਰਕਿਰਿਆ 'ਚ ਫੈਸਲਾ ਲੈਣ ਲਈ ਮੰਤਰੀ ਸਮੂਹ ਦਾ ਦੁਬਾਰਾ ਗਠਨ ਕੀਤਾ ਹੈ। ਸਰਕਾਰ ਵੱਲੋਂ ਨਿਯੁਕਤ ਫਰਮ ਈਵਾਈ ਪਹਿਲਾਂ ਹੀ ਨਿੱਜੀ ਖਰੀਦਦਾਰਾਂ ਨੂੰ ਤਲਾਸ਼ਣ ਦਾ ਕੰਮ ਕਰ ਰਹੀ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਇਸ ਵਾਰ ਵਿਨਿਵੇਸ਼ ਨੂੰ ਲੈ ਕੇ ਕੋਈ ਖਦਸ਼ਾ ਨਹੀਂ ਹੈ, ਜਿਸ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਉਸ ਹਿਸਾਬ ਨਾਲ ਕੰਪਨੀ ਦਾ ਮਾਲਕਨਾ ਹੱਕ ਕਿਸੇ ਨਿੱਜੀ ਕੰਪਨੀ ਨੂੰ ਮਿਲ ਜਾਵੇਗਾ। ਸਰਕਾਰੀ ਜਹਾਜ਼ ਕੰਪਨੀ 'ਤੇ ਕੁੱਲ 58,000 ਕਰੋੜ ਰੁਪਏ ਦਾ ਕਰਜ਼ਾ ਹੈ। ਉੱਥੇ ਹੀ, ਇਸ ਸਾਲ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ 'ਚ ਕੰਪਨੀ 7,600 ਕਰੋੜ ਰੁਪਏ ਦਾ ਨੁਕਸਾਨ ਦਰਜ ਕਰ ਚੁੱਕੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਇਸ ਹਫਤੇ ਕਿਹਾ ਸੀ ਕਿ ਏਅਰ ਇੰਡੀਆ ਨੂੰ ਬਚਾਉਣ ਲਈ ਉਸ ਦਾ ਨਿੱਜੀਕਰਨ ਕਰਨਾ ਹੋਵੇਗਾ। ਮੰਤਰੀ ਸਮੂਹ ਦੀ ਅਗਵਾਈ ਕਰ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੇ ਕੁਝ ਹਫਤਿਆਂ 'ਚ ਏਅਰ ਇੰਡੀਆ ਦੇ ਨਿੱਜੀਕਰਨ ਸੰਬੰਧੀ ਫੈਸਲਾ ਲੈ ਸਕਦੇ ਹਨ।