'ਮਹਿੰਗੇ ਡੀਜ਼ਲ, ਭ੍ਰਿਸ਼ਟਾਚਾਰ ਕਾਰਨ ਬਿਨਾਂ ਕੰਮ ਦੇ ਖੜ੍ਹੇ ਹਨ 65 ਫੀਸਦੀ ਟਰੱਕ'

Sunday, Jun 21, 2020 - 08:09 PM (IST)

'ਮਹਿੰਗੇ ਡੀਜ਼ਲ, ਭ੍ਰਿਸ਼ਟਾਚਾਰ ਕਾਰਨ ਬਿਨਾਂ ਕੰਮ ਦੇ ਖੜ੍ਹੇ ਹਨ 65 ਫੀਸਦੀ ਟਰੱਕ'

ਨਵੀਂ ਦਿੱਲੀ, 21 ਜੂਨ (ਭਾਸ਼ਾ)— ਟਰੱਕ ਸੰਚਾਲਕਾਂ ਦੇ ਇਕ ਸੰਗਠਨ ਏ. ਆਈ. ਐੱਮ. ਟੀ. ਸੀ. ਨੇ ਐਤਵਾਰ ਨੂੰ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ, ਭ੍ਰਿਸ਼ਟਾਚਾਰ ਅਤੇ ਟਰਾਂਸਪੋਰਟਰਾਂ ਨੂੰ ਕੋਈ ਰਾਹਤ ਨਾ ਮਿਲਣ ਕਾਰਨ ਦੇਸ਼ 'ਚ 65 ਫੀਸਦੀ ਟਰੱਕ ਬਿਨਾਂ ਕੰਮ ਦੇ ਖੜੇ ਹਨ।

ਸਰਬ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ (ਏ. ਆਈ. ਐੱਮ. ਟੀ. ਸੀ.) ਟਰਾਂਸਪੋਰਟਰਾਂ ਦੀ ਸਰਬੋਤਮ ਸੰਸਥਾ ਹੈ, ਜੋ ਲਗਭਗ 95 ਲੱਖ ਟਰੱਕ ਸੰਚਾਲਕਾਂ ਅਤੇ ਹੋਰ ਸੰਸਥਾਵਾਂ ਦੀ ਨੁਮਾਇੰਦਗੀ ਕਰਦੀ ਹੈ।

ਏ. ਆਈ. ਐੱਮ. ਟੀ. ਸੀ. ਨੇ ਕਿਹਾ ਕਿ ਡੀਜ਼ਲ ਕੀਮਤਾਂ 'ਚ ਬਹੁਤ ਜ਼ਿਆਦਾ ਵਾਧਾ ਅਤੇ ਸੂਬਿਆਂ ਦੀਆਂ ਸਰਹੱਦੀ ਚੌਕੀਆਂ 'ਤੇ ਵੱਡੇ ਪੱਧਰ 'ਤੇ ਵਸੂਲੀ ਨੇ ਟਰੱਕ ਡਰਾਈਵਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੰਗਠਨ ਨੇ ਕਿਹਾ ਕਿ ਜੇਕਰ ਸਰਕਾਰ ਦਖਲ ਨਹੀਂ ਦਿੰਦੀ ਤਾਂ ਆਵਾਜਾਈ ਸੇਵਾਵਾਂ 'ਚ ਰੁਕਾਵਟ ਨੂੰ ਨਕਾਰਿਆ ਨਹੀਂ ਜਾ ਸਕਦਾ। ਐਤਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ 60 ਪੈਸੇ ਪ੍ਰਤੀ ਲਿਟਰ ਦੇ ਵਾਧੇ ਤੋਂ ਬਾਅਦ ਕੀਮਤਾਂ ਰਿਕਾਰਡ ਉਚਾਈ 'ਤੇ ਪਹੁੰਚ ਗਈਆਂ ਹਨ। ਪਿਛਲੇ 15 ਦਿਨਾਂ 'ਚ ਡੀਜ਼ਲ 8.88 ਪ੍ਰਤੀ ਲਿਟਰ ਅਤੇ ਪੈਟਰੋਲ 7. 97 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।

ਛੋਟੇ ਸੰਚਾਲਕਾਂ ਦਾ ਕੰਮ ਹੋ ਰਿਹੈ ਬੰਦ-
ਸਰਬ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਕੁਲਤਰਨ ਸਿੰਘ ਅਟਵਾਲ ਨੇ ਕਿਹਾ, ''ਸੰਚਾਲਨ ਤੇਜ਼ੀ ਨਾਲ ਅਸਥਿਰ ਹੁੰਦਾ ਜਾ ਰਿਹਾ ਹੈ, ਕਿਉਂਕਿ ਆਵਾਜਾਈ ਦੀ ਕੁੱਲ ਲਾਗਤ ਦਾ ਲਗਭਗ 60 ਫੀਸਦੀ ਡੀਜ਼ਲ 'ਚ ਖਰਚ ਹੁੰਦਾ ਹੈ ਅਤੇ ਤਕਰੀਬਨ 20 ਫੀਸਦੀ ਟੋਲਾਂ 'ਚ ਚਲਾ ਜਾਂਦਾ ਹੈ। ਪਹਿਲਾਂ ਹੀ ਮੰਗ ਘੱਟ ਹੈ ਅਤੇ ਲਗਭਗ 65 ਫੀਸਦੀ ਵਾਹਨ ਖੜੇ ਹਨ। ਛੋਟੇ ਸੰਚਾਲਕਾਂ ਦਾ ਕੰਮ ਲਗਾਤਾਰ ਬੰਦ ਹੋ ਰਿਹਾ ਹੈ ਅਤੇ ਵਾਹਨ ਖੜੇ ਹੋ ਰਹੇ ਹਨ।''
ਉਨ੍ਹਾਂ ਕਿਹਾ ਕਿ ਸਰਕਾਰ ਸੜਕ ਆਵਾਜਾਈ ਖੇਤਰ ਨੂੰ ਕੋਈ ਠੋਸ ਰਾਹਤ ਦੇਣ 'ਚ ਅਸਫਲ ਰਹੀ ਹੈ ਜਾਂ ਇਸ ਸੈਕਸ਼ਨ ਲਈ ਕਿਸੇ ਤਰ੍ਹਾਂ ਦਾ ਸੁਵਿਧਾਜਨਕ ਵਾਤਾਵਰਣ ਨਹੀਂ ਦਿੱਤਾ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ 'ਚ ਟਰੱਕ ਡਰਾਈਵਰਾਂ ਕੋਲੋਂ ਜ਼ਬਰਦਸਤੀ ਵਸੂਲੀ ਵੱਧ ਰਹੀ ਹੈ। ਏ. ਆਈ. ਐੱਮ. ਟੀ. ਸੀ. ਨੇ ਕਿਹਾ, ''ਮਾਨਯੋਗ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਦੇ ਬਾਵਜੂਦ ਜ਼ਮੀਨੀ ਹਾਲਾਤ ਨਹੀਂ ਬਦਲੇ ਹਨ। ਵੱਖ-ਵੱਖ ਸੂਬਿਆਂ ਜਿਵੇਂ ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ, ਹਰਿਆਣਾ, ਰਾਜਸਥਾਨ, ਦਿੱਲੀ ਆਦਿ 'ਚ ਆਰ. ਟੀ. ਓ. ਅਤੇ ਪੁਲਸ ਦੇ ਹੱਥੋਂ ਹੋਣ ਵਾਲਾ ਭ੍ਰਿਸ਼ਟਾਚਾਰ ਨਾ ਸਹਿਣਯੋਗ ਹੋ ਰਿਹਾ ਹੈ।'' ਸੰਗਠਨ ਨੇ ਦੋਸ਼ ਲਾਇਆ ਕਿ ਆਰ. ਟੀ. ਓ. ਤੋਂ ਇਲਾਵਾ ਪੁਲਸ ਤੇ ਜੀ. ਐੱਸ. ਟੀ. ਅਧਿਕਾਰੀ ਵੀ ਟਰੱਕ ਡਰਾਈਵਰਾਂ ਤੋਂ ਵਸੂਲੀ ਕਰ ਰਹੇ ਹਨ।


author

Sanjeev

Content Editor

Related News