ਗੌਤਮ ਅਡਾਨੀ ਦੀ ਸਭ ਤੋਂ ਵੱਡੀ ਡੀਲ, 25,500 ਕਰੋੜ 'ਚ ਖ਼ਰੀਦੀ ਇਹ ਕੰਪਨੀ

Wednesday, May 19, 2021 - 12:41 PM (IST)

ਨਵੀਂ ਦਿੱਲੀ- ਦਿੱਗਜ ਉਦਯੋਗਪਤੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ (ਏ. ਜੀ. ਈ. ਐੱਲ.) ਨੇ ਸੌਰ ਊਰਜਾ ਉਤਪਾਦਕ ਐੱਸ. ਬੀ. ਐਨਰਜੀ ਨੂੰ ਖ਼ਰੀਦ ਲਿਆ ਹੈ। ਕੰਪਨੀ ਨੇ ਬੁੱਧਵਾਰ ਇਸ ਸੌਦੇ ਦੀ ਰਸਮੀ ਘੋਸ਼ਣਾ ਕੀਤੀ। ਇਹ ਸੌਦਾ ਤਕਰੀਬਨ 3.5 ਅਰਬ ਡਾਲਰ ਯਾਨੀ ਲਗਭਗ 25,500 ਕਰੋੜ ਰੁਪਏ ਦਾ ਹੈ, ਜੋ ਭਾਰਤੀ ਨਵੀਨੀਕਰਨ ਊਰਜਾ ਖੇਤਰ ਵਿਚ ਸਭ ਤੋਂ ਵੱਡਾ ਸੌਦਾ ਹੈ।

ਏ. ਜੀ. ਈ. ਐੱਲ. ਨੇ ਇਹ ਕੰਪਨੀ ਜਾਪਾਨ ਦੇ ਸਾਫਟ ਬੈਂਕ ਗਰੁੱਪ (ਐੱਸ. ਬੀ. ਜੀ.) ਅਤੇ ਭਾਰਤੀ ਗਰੁੱਪ ਤੋਂ ਖ਼ਰੀਦੀ ਹੈ, ਜਿਨ੍ਹਾਂ ਦੀ ਇਸ ਵਿਚ ਕ੍ਰਮਵਾਰ 80 ਤੇ 20 ਫ਼ੀਸਦੀ ਹਿੱਸੇਦਾਰੀ ਸੀ । ਇਸ ਤੋਂ ਪਹਿਲਾਂ ਐੱਸ. ਬੀ. ਐਨਰਜੀ ਦੀ ਕੈਨੇਡੀਅਨ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਨਾਲ ਗੱਲਬਾਤ ਚੱਲ ਰਹੀ ਸੀ ਪਰ ਮੁਲਾਂਕਣ ਨੂੰ ਲੈ ਕੇ ਮਤਭੇਦ ਕਾਰਨ ਇਹ ਡੀਲ ਸਿਰੇ ਨਹੀਂ ਚੜ੍ਹ ਸਕੀ।

ਇਹ ਵੀ ਪੜ੍ਹੋ-ਮਈ, ਜੂਨ 'ਚ ਲਾਂਚ ਹੋਣਗੇ ਇਹ 9 ਆਈ. ਪੀ. ਓ., ਕਰ ਸਕਦੇ ਹੋ ਮੋਟੀ ਕਮਾਈ

ਇਸ ਪਿੱਛੋਂ ਐੱਸ. ਬੀ. ਐਨਰਜੀ ਨੂੰ ਲੈ ਕੇ ਅਡਾਨੀ ਗ੍ਰੀਨ ਨਾਲ ਗੱਲਬਾਤ ਸ਼ੁਰੂ ਹੋ ਗਈ ਸੀ। ਇਸ ਖ਼ਰੀਦ ਨਾਲ ਅਡਾਨੀ ਗ੍ਰੀਨ ਐਨਰਜੀ ਦੀ ਸਮਰੱਥਾ ਵਿਚ 4,954 ਮੈਗਾਵਾਟ ਦਾ ਵਾਧਾ ਹੋਵੇਗਾ। ਐੱਸ. ਬੀ. ਐਨਰਜੀ ਕੋਲ ਭਾਰਤ ਵਿਚ ਚਾਰ ਰਾਜਾਂ ਵਿਚ ਊਰਜਾ ਪ੍ਰਾਜੈਕਟ ਹਨ। ਇਹ ਪ੍ਰਾਜੈਕਟ 84 ਫ਼ੀਸਦੀ ਸੌਰ, 9 ਫ਼ੀਸਦੀ ਪੌਣ-ਸੌਰ ਹਾਈਬ੍ਰਿਡ ਅਤੇ 7 ਫ਼ੀਸਦੀ ਪੌਣ ਊਰਜਾ ਸਮਰੱਥਾ ਦੇ ਹਨ। ਇਨ੍ਹਾਂ ਵਿਚੋਂ 1,400 ਮੈਗਾਵਾਟ ਦਾ ਸੌਰ ਊਰਜਾ ਪ੍ਰਾਜੈਕਟ ਕੰਮ ਕਰ ਰਿਹਾ ਹੈ, ਜਦੋਂ ਕਿ ਬਾਕੀ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਭਾਰਤੀ ਸੌਰ ਊਰਜਾ ਨਿਗਮ, ਐੱਨ. ਟੀ. ਪੀ. ਸੀ. ਅਤੇ ਐੱਨ. ਐੱਚ. ਪੀ. ਸੀ. ਨਾਲ 25 ਸਾਲਾਂ ਦਾ ਬਿਜਲੀ ਖ਼ਰੀਦ ਸਮਝੌਤਾ ਹੈ। ਇਸ ਸੌਦੇ ਨਾਲ ਅਡਾਨੀ ਗ੍ਰੀਨ ਦੀ ਸਮਰੱਥਾ ਵੱਧ ਕੇ 24,300 ਮੈਗਾਵਾਟ ਹੋ ਜਾਵੇਗੀ। ਕੰਪਨੀ ਨੇ 2025 ਤੱਕ 25,000 ਮੈਗਾਵਾਟ ਦਾ ਟੀਚਾ ਰੱਖਿਆ ਹੈ ਅਤੇ ਹੁਣ ਇਸ ਤੋਂ ਸਿਰਫ 700 ਮੈਗਾਵਾਟ ਦੂਰ ਰਹਿ ਗਈ ਹੈ।

ਇਹ ਵੀ ਪੜ੍ਹੋ- ਵੋਡਾ-IDEA ਦੀ ਸੌਗਾਤ, 6 ਕਰੋੜ ਗਾਹਕਾਂ ਨੂੰ ਫ੍ਰੀ ਮਿਲੇਗਾ '294 ਕਰੋੜ' ਦਾ ਪੈਕ


Sanjeev

Content Editor

Related News