ਜੀਓ ਤੋਂ ਬਾਅਦ ਗੂਗਲ ਦੀ ਨਜ਼ਰ ਇਸ ਭਾਰਤੀ ਕੰਪਨੀ ’ਤੇ, ਖ਼ਰੀਦ ਸਕਦੀ ਹੈ 10 ਫੀਸਦੀ ਹਿੱਸੇਦਾਰੀ
Saturday, Aug 08, 2020 - 04:59 PM (IST)

ਮੁੰਬਈ– ਜੀਓ ’ਚ 4.5 ਅਰਬ ਡਾਲਰ ਦਾ ਨਿਵੇਸ਼ ਕਰਨ ਤੋਂ ਬਾਅਦ ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਗੂਗਲ ਇਕ ਹੋਰ ਭਾਰਤੀ ਕੰਪਨੀ ’ਚ ਨਿਵੇਸ਼ ਕਰਨ ਦੀ ਤਿਆਰੀ ’ਚ ਹੈ। ਸੂਤਰਾਂ ਦੀ ਮੰਨੀਏ ਤਾਂ ਗੂਗਲ ਸਾਫਟਬੈਂਕ ਦੇ ਸਮਰਥਨ ਵਾਲੇ ਆਨਲਾਈਨ ਬੀਮਾ ਪਲੇਟਫਾਰਮ ਪਾਲਿਸੀ ਬਾਜ਼ਾਰ ’ਚ ਮਾਈਨੋਰਿਟੀ ਸਟੇਕ ਲੈ ਸਕਦੀ ਹੈ। ਗੂਗਲ ਨੇ ਅਗਲੇ 5 ਤੋਂ 7 ਸਾਲਾਂ ’ਚ ਭਾਰਤ ’ਚ 10 ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਟੀਚਾ ਰੱਖਿਆ ਹੈ। ਉਹ ਪਾਲਿਸੀ ਬਾਜ਼ਾਰ ’ਚ 10 ਫੀਸਦੀ ਹਿੱਸੇਦਾਰੀ ਲੈਣ ਦੀ ਇੱਛੁਕ ਹੈ ਅਤੇ ਇਸ ਲਈ ਕਰੀਬ 15 ਕਰੋੜ ਡਾਲਰ ਨਿਵੇਸ਼ ਕਰ ਸਕਦੀ ਹੈ। ਸਾਫਟਬੈਂਕ ਦੀ ਪਾਲਿਸੀ ਬਾਜ਼ਾਰ ’ਚ 15 ਫੀਸਦੀ ਹੀ ਹਿੱਸੇਦਾਰੀ ਹੈ ਅਤੇ ਉਹ ਆਪਣਾ ਹਿੱਸਾ ਕੁਝ ਘੱਟ ਕਰ ਸਕਦੀ ਹੈ।
ਇਕ ਸੂਤਰ ਨੇ ਕਿਹਾ ਕਿ ਗੂਗਲ ਇਸ ਸੌਦੇ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਉਹ ਭਾਰਤ ਦੇ ਡਿਜੀਟਲ ਬਾਜ਼ਾਰ ’ਚ ਆਪਣੀ ਮੌਜੂਦਗੀ ਵਧਾਉਣਾ ਚਾਹੁੰਦੀ ਹੈ। ਇਸ ਲਈ ਵੈਲਿਊਏਸ਼ਨ ਅਤੇ ਸਟੇਕ ਪਿਛਲੇ ਨਿਵੇਸ਼ ਰਾਊਂਡ ’ਤੇ ਨਿਰਭਰ ਕਰੇਗਾ। ਇਸ ਬਾਰੇ ਗੂਗਲ ਅਤੇ ਸਾਫਟਬੈਂਕ ਨੇ ਕੋਈ ਜਬਾਬ ਨਹੀਂ ਦਿੱਤਾ। ਗੂਗਲ ਦੇ ਕਰੀਬੀ ਇਕ ਸੂਤਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਜਿਹੀ ਕਿਸੇ ਡੀਲ ’ਤੇ ਕੰਮ ਚੱਲ ਰਿਹਾ ਹੈ। ਪਾਲਿਸੀ ਬਾਜ਼ਾਰ ਨੇ ਇਸ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
4-5 ਕੰਪਨੀਆਂ ’ਚ ਨਿਵੇਸ਼ ਦੀ ਯੋਜਨਾ
ਅਲਫਾਬੇਟ ਇੰਕ ਦੀ ਮਲਕੀਅਤ ਵਾਲੀ ਗੂਗਲ ਨੇ ਪਿਛਲੇ ਮਹੀਨੇ ਭਾਰਤ ’ਚ ਆਪਣੀਆਂ ਨਿਵੇਸ਼ ਯੋਜਨਾਵਾਂ ਦਾ ਖੁਲਾਸਾ ਕੀਤਾ ਸੀ। ਕੰਪਨੀ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਈਟੀ ਨੂੰ ਕਿਹਾ ਸੀ ਕਿ ਗੂਗਲ ਭਾਰਤ ’ਚ ਸਾਰੇ ਸਾਈਜ਼ ਦੀਆਂ ਕੰਪਨੀਆਂ ਨਾਲ ਕੰਮ ਕਰਨ ਲਈ ਤਿਆਰ ਹੈ। ਇਸ ਤੋਂ ਬਾਅਦ ਗੂਗਲ ਨੇ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਪਲੇਟਫਾਰਮ ’ਚ 4.5 ਅਰਬਰ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਸੂਤਰਾਂ ਮੁਤਾਬਕ, ਕੰਪਨੀ ਭਾਰਤ ’ਚ ਹੋਰ 4-5 ਟੈਕਨਾਲੋਜੀ ਸਟਾਰਟਅਪ ਕੰਪਨੀਆਂ ’ਚ ਨਿਵੇਸ਼ ਕਰਨ ਦੀ ਫਿਰਾਕ ’ਚ ਹੈ।