ਜੂਨ ਤਿਮਾਹੀ ''ਚ ਐਡਵਾਂਸ ਟੈਕਸ ਕੁਲੈਕਸ਼ਨ 31 ਫੀਸਦੀ ਘਟੀ
Tuesday, Jun 16, 2020 - 07:29 PM (IST)

ਮੁੰਬਈ (ਇੰਟ) -ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਜੇਕਰ ਐਡਵਾਂਸ ਟੈਕਸ ਵਸੂਲੀ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 31 ਫੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਇਸ 'ਚ ਵੀ ਕਾਰਪੋਰੇਟ ਕਰ ਦੀ ਐਡਵਾਂਸ ਪ੍ਰਾਪਤੀ 79 ਫੀਸਦੀ ਘਟੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਆਮਦਨ ਕਰ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ 'ਚ ਕੁੱਲ ਪ੍ਰਤੱਖ ਕਰ ਵਸੂਲੀ 31 ਫੀਸਦੀ ਘੱਟ ਕੇ 1,37,825 ਕਰੋੜ ਰੁਪਏ ਰਹੀ ਹੈ। ਇਕ ਸਾਲ ਪਹਿਲਾਂ ਜੂਨ 2019 'ਚ ਇਹ ਰਾਸ਼ੀ 1,99,755 ਕਰੋੜ ਰੁਪਏ ਰਹੀ ਸੀ।
ਪਹਿਲੀ ਤਿਮਾਹੀ ਦੌਰਾਨ ਐਡਵਾਂਸ ਟੈਕਸ ਭੁਗਤਾਨ ਦੀ ਆਖਰੀ ਤਰੀਕ 15 ਜੂਨ ਹੁੰਦੀ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਸ਼ੁਰੂਆਤੀ 2 ਮਹੀਨੇ ਦੇਸ਼ 'ਚ ਪੂਰੀ ਤਰ੍ਹਾਂ ਲਾਕਡਾਊਨ ਲਾਗੂ ਸੀ। ਕੋਰੋਨਾ ਵਾਇਰਸ ਮਹਾਮਾਰੀ ਨੂੰ ਕਾਬੂ 'ਚ ਰੱਖਣ ਲਈ 25 ਮਾਰਚ ਤੋਂ ਇਹ ਲਾਕਡਾਊਨ ਲਾਇਆ ਗਿਆ, ਜਿਸ ਨੂੰ ਕਈ ਪੜਾਵਾਂ 'ਚ ਅੱਗੇ ਵਧਾਇਆ ਜਾਂਦਾ ਰਿਹਾ। ਇਸ ਦੇ ਨਤੀਜੇ ਵਜੋਂ ਦੇਸ਼ 'ਚ ਕਰੀਬ 80 ਫੀਸਦੀ ਆਰਥਿਕ ਗਤੀਵਿਧੀਆਂ ਬੰਦ ਰਹੀਆਂ। ਲਾਕਡਾਊਨ ਨੂੰ 1 ਜੂਨ ਤੋਂ ਪੜਾਣਬੱਧ ਤਰੀਕੇ ਨਾਲ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਅਜੇ ਅਰਥਵਿਵਸਥਾ 'ਚ ਗਤੀਵਿਧੀਆਂ ਪੂਰੀ ਤਰ੍ਹਾਂ ਆਮ ਨਹੀਂ ਹੋ ਪਾਈਆਂ।