ਅਡਾਨੀ ਵਿਲਮਰ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ 30 ਰੁਪਏ ਪ੍ਰਤੀ ਲੀਟਰ ਤੱਕ ਦੀ ਕੀਤੀ ਕਟੌਤੀ
Monday, Jul 18, 2022 - 07:06 PM (IST)
ਬਿਜ਼ਨੈੱਸ ਡੈਸਕ : ਫਾਰਚਿਊਨ ਬ੍ਰਾਂਡ ਦੇ ਤਹਿਤ ਉਤਪਾਦਾਂ ਦੀ ਵਿਕਰੀ ਕਰਨ ਵਾਲੀ ਖਾਣ ਵਾਲੇ ਤੇਲ ਦੀ ਕੰਪਨੀ ਅਡਾਨੀ ਵਿਲਮਰ ਨੇ ਸੋਮਵਾਰ ਨੂੰ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਵਿਚਾਲੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ 30 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਦਾ ਐਲਾਨ ਕੀਤਾ। ਸੋਇਆਬੀਨ ਤੇਲ ਦੀਆਂ ਕੀਮਤਾਂ ’ਚ ਸਭ ਤੋਂ ਵੱਧ ਕਟੌਤੀ ਕੀਤੀ ਗਈ ਹੈ। ਨਵੀਆਂ ਕੀਮਤਾਂ ਵਾਲੀ ਖੇਪ ਜਲਦ ਹੀ ਬਾਜ਼ਾਰ ’ਚ ਪਹੁੰਚ ਜਾਵੇਗੀ। ਇਸ ਤੋਂ ਪਹਿਲਾਂ ਧਾਰਾ ਬ੍ਰਾਂਡ ਦੇ ਤਹਿਤ ਖਾਣ ਵਾਲੇ ਤੇਲ ਦੀ ਵਿਕਰੀ ਕਰਨ ਵਾਲੀ ਮਦਰ ਡੇਅਰੀ ਨੇ ਸੋਇਆਬੀਨ ਅਤੇ ਰਾਈਸ ਬ੍ਰਾਨ ਆਇਲ ਦੀਆਂ ਕੀਮਤਾਂ ’ਚ 14 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਕੁਝ ਮਹੀਨੇ ਨਹੀਂ ਮਿਲਣਗੇ ਮੂਸਾ ਪਿੰਡ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ
ਖੁਰਾਕ ਮੰਤਰਾਲੇ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਤੇ ਚਰਚਾ ਕਰਨ ਲਈ 6 ਜੁਲਾਈ ਨੂੰ ਇਕ ਬੈਠਕ ਬੁਲਾਈ ਸੀ, ਜਿਸ ’ਚ ਸਾਰੀਆਂ ਖਾਣ ਵਾਲੀਆਂ ਤੇਲ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਵਿਸ਼ਵ ਪੱਧਰ ’ਤੇ ਕੀਮਤਾਂ ’ਚ ਆਈ ਗਿਰਾਵਟ ਦਾ ਫਾਇਦਾ ਖਪਤਕਾਰਾਂ ਤੱਕ ਪਹੁੰਚਾਉਣ। ਕੰਪਨੀ ਨੇ ਇਕ ਬਿਆਨ ’ਚ ਕਿਹਾ, ‘‘ਕੀਮਤਾਂ ’ਚ ਵਿਸ਼ਵ ਪੱਧਰ ’ਤੇ ਕਟੌਤੀ ਹੋਣ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਕਟੌਤੀ ਦਾ ਫਾਇਦਾ ਖਪਤਕਾਰਾਂ ਤੱਕ ਪਹੁੰਚਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਅਡਾਨੀ ਵਿਲਮਰ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋਰ ਕਟੌਤੀ ਕੀਤੀ ਹੈ। ਪਿਛਲੇ ਮਹੀਨੇ ਵੀ ਕੀਮਤਾਂ ਘਟਾਈਆਂ ਗਈਆਂ ਸਨ। ਫਾਰਚੂਨ ਸੋਇਆਬੀਨ ਤੇਲ ਦੀ ਕੀਮਤ 195 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 165 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਸੂਰਜਮੁਖੀ ਦੇ ਤੇਲ ਦੀ ਕੀਮਤ 210 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 199 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਸਰ੍ਹੋਂ ਦੇ ਤੇਲ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ 195 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 190 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।
ਫਾਰਚਿਊਨ ਰਾਈਸ ਬ੍ਰਾਨ ਆਇਲ ਦੀ ਕੀਮਤ 225 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 210 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਅਡਾਨੀ ਵਿਲਮਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਅੰਗਸ਼ੂ ਮਲਿਕ ਨੇ ਕਿਹਾ, ‘‘ਅਸੀਂ ਕੀਮਤਾਂ ’ਚ ਕਟੌਤੀ ਦੇ ਲਾਭਾਂ ਨੂੰ ਵਿਸ਼ਵ ਪੱਧਰ ’ਤੇ ਖਪਤਕਾਰਾਂ ਤੱਕ ਪਹੁੰਚਾਇਆ ਹੈ ਅਤੇ ਨਵੀਂ ਕੀਮਤਾਂ ਵਾਲੀ ਖੇਪ ਜਲਦ ਹੀ ਬਾਜ਼ਾਰ ’ਚ ਪਹੁੰਚ ਜਾਏਗੀ।’’