ਅਡਾਨੀ ਸਮੂਹ ਹੁਣ NDTV ਨੂੰ ਛੇਤੀ ਕਰੇਗਾ ਐਕਵਾਇਰ, ਪ੍ਰਣਯ ਰਾਏ ਅਤੇ ਰਾਧਿਕਾ ਰਾਏ ਦਾ ਪ੍ਰਮੋਟਰ ਕੰਪਨੀ ਤੋਂ ਅਸਤੀਫਾ
Thursday, Dec 01, 2022 - 12:07 PM (IST)
ਨਵੀਂ ਦਿੱਲੀ–ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨ. ਡੀ. ਟੀ. ਵੀ.) ਦੇ ਸੰਸਥਾਪਕ ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਨੇ ਪ੍ਰਮੋਟਰ ਸਮੂਹ ਦੀ ਇਕਾਈ ਆਰ. ਆਰ. ਪੀ. ਆਰ. ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ ਅਡਾਨੀ ਸਮੂਹ ਹੁਣ ਇਸ ਸਮਾਚਾਰ ਚੈਨਲ ਨੂੰ ਐਕਵਾਇਰ ਕਰਨ ਦੇ ਨੇੜੇ ਪਹੁੰਚ ਚੁੱਕਾ ਹੈ।
ਦੱਸ ਦਈਏ ਕਿ ਅਡਾਨੀ ਸਮੂਹ ਨੇ ਆਰ. ਆਰ. ਪੀ. ਆਰ. ਨੂੰ ਐਕਵਾਇਰ ਕਰ ਲਿਆ ਹੈ। ਆਰ. ਆਰ. ਪੀ. ਆਰ. ਕੋਲ ਐੱਨ. ਡੀ. ਟੀ. ਵੀ. ਦੀ 29.18 ਫੀਸਦੀ ਹਿੱਸੇਦਾਰੀ ਹੈ।
ਰਾਏ ਜੋੜੇ ਦੀ ਐੱਨ. ਡੀ. ਟੀ. ਵੀ. ਵਿਚ 32.26 ਫੀਸਦੀ ਹਿੱਸੇਦਾਰੀ
ਹਾਲਾਂਕਿ ਰਾਏ ਜੋੜੇ ਕੋਲ ਪ੍ਰਮੋਟਰ ਵਜੋਂ ਐੱਨ. ਡੀ. ਟੀ. ਵੀ. ਵਿਚ ਹੁਣ ਵੀ 32.26 ਫੀਸਦੀ ਹੀ ਹਿੱਸੇਦਾਰੀ ਹੈ ਅਤੇ ਉਨ੍ਹਾਂ ਨੇ ਸਮਾਚਾਰ ਚੈਨਲ ਦੇ ਬੋਰਡ ਆਫ ਡਾਇਰੈਕਟਰਜ਼ ਤੋਂ ਅਸਤੀਫਾ ਨਹੀਂ ਦਿੱਤਾ ਹੈ। ਪ੍ਰਣਯ ਰਾਏ ਐੱਨ. ਡੀ. ਟੀ. ਵੀ. ਦੇ ਚੇਅਰਪਰਸਨ ਅਤੇ ਰਾਧਿਕਾ ਰਾਏ ਕਾਰਜਕਾਰੀ ਡਾਇਰੈਕਟਰ ਹਨ।
ਐੱਨ. ਡੀ. ਟੀ. ਵੀ. ਨੇ ਕਿਹਾ ਕਿ ਪ੍ਰਣਯ ਅਤੇ ਰਾਧਿਕਾ ਰਾਏ ਨੇ ਆਰ. ਆਰ. ਪੀ. ਆਰ. ਹੋਲਡਿੰਗ ਦੇ ਬੋਰਡ ਆਫ ਡਾਇਰਕੈਟਰਜ਼ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦਿੱਤਾ ਹੈ। ਆਰ. ਆਰ. ਪੀ. ਆਰ. ਹੋਲਡਿੰਗ ਦੇ ਬੋਰਡ ਆਫ ਡਾਇਰੈਕਟਰਜ਼ ਨੇ ਸੁਦਿਪਤ ਭੱਟਾਚਾਰਿਆ, ਸੰਜੇ ਪੁਗਲੀਆ ਅਤੇ ਸੇਂਤਿਲ ਸਿਨਨੈਯਾ ਚੇਂਗਲਵਾਰਾਇਣ ਦੀ ਬੋਰਡ ’ਚ ਤੁਰੰਤ ਪ੍ਰਭਾਵ ਨਾਲ ਬੋਰਡ ਆਫ ਡਾਇਰੈਕਟਰਜ਼ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ। ਅਡਾਨੀ ਸਮੂਹ ਨੇ ਇਸ ਹਫਤੇ ਆਰ. ਆਰ. ਪੀ. ਆਰ. ਹੋਲਡਿੰਗਸ ਦਾ ਕੰਟਰੋਲ ਹਾਸਲ ਕਰ ਲਿਆ ਹੈ। ਭੱਟਾਚਾਰਿਆ, ਪੁਗਲੀਆ ਅਤੇ ਚੇਂਗਲਵਾਰਾਇਣ ਕੰਪਨੀ ’ਚ ਅਡਾਨੀ ਸਮੂਹ ਵਲੋਂ ਚੁਣੇ ਗਏ ਹਨ।
ਰਾਏ ਜੋੜੇ ਨੇ ਲਿਆ ਸੀ 400 ਕਰੋੜ ਦਾ ਕਰਜ਼ਾ
ਰਾਏ ਜੋੜੇ ਨੇ 2009 ’ਚ ਰਿਲਾਇੰਸ ਇੰਡਸਟ੍ਰੀਜ਼ ਨਾਲ ਜੁੜੀ ਇਕ ਕੰਪਨੀ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (ਵੀ. ਸੀ. ਪੀ. ਐੱਲ.) ਤੋਂ 400 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਦੇ ਬਦਲੇ ਵੀ. ਸੀ. ਪੀ. ਐੱਲ. ਨੂੰ ਵਾਰੰਟ ਅਤੇ ਆਰ. ਆਰ. ਪੀ. ਆਰ. ਹੋਲਡਿੰਗਸ ਦੇ ਸ਼ੇਅਰ ’ਚ ਬਦਲਣ ਦਾ ਅਧਿਕਾਰ ਮਿਲ ਗਿਆ ਸੀ। ਆਰ. ਆਰ. ਪੀ. ਆਰ. ਹੋਲਡਿੰਗਸ ਕੋਲ ਐੱਨ. ਡੀ. ਟੀ. ਵੀ. ਦੀ 29.2 ਫੀਸਦੀ ਹਿੱਸੇਦਾਰੀ ਹੈ। ਅਡਾਨੀ ਸਮੂਹ ਨੇ ਅਗਸਤ ’ਚ ਐਕਵਾਇਰਮੈਂਟ ਕਰ ਲਈ ਸੀ ਅਤੇ ਉਸ ਨੇ ਵਾਰੰਟ ਨੂੰ ਸ਼ੇਅਰਾਂ ’ਚ ਬਦਲਣ ਦੀ ਗੱਲ ਰੱਖੀ ਸੀ। ਐੱਨ. ਡੀ. ਟੀ. ਵੀ. ਦੇ ਪ੍ਰਮੋਟਰਾਂ ਨੇ ਸ਼ੁਰੂਆਤ ’ਚ ਇਸ ਕਦਮ ਦਾ ਵਿਰੋਧ ਕਰਦੇ ਹੋਏ ਕਿਹਾ ਸੀਕਿ ਉਨ੍ਹਾਂ ਨਾਲ ਇਸ ’ਤੇ ਗੱਲਬਾਤ ਨਹੀਂ ਹੋਈ ਹੈ ਪਰ ਇਸ ਹਫਤੇ ਦੀ ਸ਼ੁਰੂਆਤ ’ਚ ਉਨ੍ਹਾਂ ਨੇ ਇਸ ਦੀ ਇਜਾਜ਼ਤ ਦੇ ਦਿੱਤੀ। ਇਸ ਨਾਲ ਵੀ. ਸੀ. ਪੀ. ਐੱਲ. ਕੋਲ ਆਰ. ਆਰ. ਪੀ. ਆਰ. ਹੋਲਡਿੰਗਸ ਦੀ 99.5 ਫੀਸਦੀ ਹਿੱਸੇਦਾਰੀ ਆ ਗਈ।