1 ਘੰਟੇ ’ਚ ਡੁੱਬੇ ਅਡਾਨੀ ਗਰੁੱਪ ਦੇ ਨਿਵੇਸ਼ਕਾਂ ਦੇ 73 ਹਜ਼ਾਰ ਕਰੋੜ ਰੁਪਏ

Tuesday, Jun 15, 2021 - 10:12 AM (IST)

1 ਘੰਟੇ ’ਚ ਡੁੱਬੇ ਅਡਾਨੀ ਗਰੁੱਪ ਦੇ ਨਿਵੇਸ਼ਕਾਂ ਦੇ 73 ਹਜ਼ਾਰ ਕਰੋੜ ਰੁਪਏ

ਮੁੰਬਈ - ਦੇਸ਼ ਦੇ ਇਕ ਵੱਡੇ ਆਰਥਿਕ ਅਖ਼ਬਾਰ ’ਚ ਮਾਰੀਸ਼ਸ ਦੇ ਤਿੰਨ ਵੱਡੇ ਫਾਰੇਨ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੇ ਖਾਤੇ ਫਰੀਜ਼ ਕੀਤੇ ਜਾਣ ਦੀ ਖਬਰ ਨਾਲ ਸੋਮਵਾਰ ਸਵੇਰੇ ਅਡਾਨੀ ਗਰੁੱਪ ਦੇ ਸ਼ੇਅਰ ਬੁਰੀ ਤਰ੍ਹਾਂ ਨਾਲ ਡਿਗ ਗਏ। ਸ਼ੇਅਰਾਂ ਦੇ ਡਿਗਣ ਨਾਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ ਇਕ ਘੰਟੇ ਦੇ ਅੰਦਰ ਹੀ ਲੱਗਭਗ 10 ਬਿਲੀਅਨ ਡਾਲਰ ਘੱਟ ਹੋ ਗਿਆ ਅਤੇ ਕੰਪਨੀ ਦੀ ਬਾਜ਼ਾਰ ਹੈਸੀਅਤ 77 ਬਿਲੀਅਨ ਡਾਲਰ ਤੋਂ ਡਿੱਗ ਕੇ 67 ਬਿਲੀਅਨ ਡਾਲਰ ਰਹਿ ਗਈ ਅਤੇ ਨਿਵੇਸ਼ਕਾਂ ਨੂੰ ਇਕ ਘੰਟੇ ’ਚ ਹੀ ਲਗਭਗ 73 ਹਜ਼ਾਰ ਕਰੋਡ਼ ਰੁਪਏ ਦਾ ਝੱਟਕਾ ਲੱਗ ਗਿਆ। ਹਾਲਾਂਕਿ ਬਾਅਦ ’ਚ ਕੰਪਨੀ ਦੇ ਕੁਝ ਸ਼ੇਅਰਾਂ ’ਚ ਰਿਕਵਰੀ ਦੇਖਣ ਨੂੰ ਮਿਲੀ ਪਰ ਇਸ ਦੇ ਬਾਵਜੂਦ ਕੰਪਨੀ ਦੇ ਸ਼ੇਅਰਾਂ ’ਚ ਕਾਰੋਬਾਰ ਨੂੰ ਲੈ ਕੇ ਨਿਵੇਸ਼ਕਾਂ ’ਚ ਅਨਿਸ਼ਚਿਤਤਾ ਬਣੀ ਹੋਈ ਹੈ। ਦਰਅਸਲ ਸੋਮਵਾਰ ਸਵੇਰੇ ਦੇਸ਼ ਦੇ ਇਕ ਵੱਡੇ ਅਖ਼ਬਾਰ ਨੇ ਖਬਰ ਦਿੱਤੀ ਕਈ ਨੈਸ਼ਨਲ ਸਕਿਓਰਿਟੀ ਡਿਪਾਜ਼ਿਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.) ਨੇ ਮਾਰਿਸ਼ਸ ਦੇ ਤਿੰਨ ਵੱਡੇ ਐੱਫ. ਪੀ. ਆਈ . ਦੇ ਖਾਤੇ ਫਰੀਜ਼ ਕਰ ਦਿੱਤੇ ਹਨ ਅਤੇ ਇਨ੍ਹਾਂ ਤਿੰਨ ਵੱਡੇ ਐੱਫ. ਪੀ. ਆਈ . ਦੇ ਕੋਲ ਅਡਾਨੀ ਗਰੁੱਪ ਦੀਆਂ 4 ਕੰਪਨੀਆਂ ਦੇ 43550 ਕਰੋਡ਼ ਰੁਪਏ ਦੇ ਸ਼ੇਅਰ ਹਨ। ਇਸ ਖਬਰ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਸਵੇਰ ਤੋਂ ਹੀ ਬਿਕਵਾਲੀ ਸ਼ੁਰੂ ਹੋ ਗਈ ਅਤੇ ਅਡਾਨੀ ਇੰਟਰਪ੍ਰਾਇਜ਼ਿਜ਼ ਦਾ ਸ਼ੇਅਰ 25 ਫ਼ੀਸਦੀ ਤੱਕ ਡਿੱਗ ਗਿਆ, ਹਾਲਾਂਕਿ ਬਾਅਦ ’ਚ ਇਸ ’ਚ ਰਿਕਵਰੀ ਦੇਖਣ ਨੂੰ ਮਿਲੀ।

ਕੰਪਨੀ                                          ਸ਼ੇਅਰ ਪ੍ਰਾਈਜ਼                       ਗਿਰਾਵਟ

ਅਡਾਨੀ ਇੰਟਰਪ੍ਰਾਇਜ਼ਿਜ਼ -                 1501.25                         6.26 ਫ਼ੀਸਦੀ

ਅਡਾਨੀ ਪੋਰਟਸ                                   768.70                       8.35 ਫ਼ੀਸਦੀ

ਅਡਾਨੀ ਪਾਵਰਸ ਲਿਮਟਿਡ                     140.90                       4.99 ਫ਼ੀਸਦੀ

ਅਡਾਨੀ ਟਰਾਂਸਮਿਸ਼ਨਸ ਲਿਮਟਿਡ             1517.25                      5ਫ਼ੀਸਦੀ

ਅਡਾਨੀ ਗਰੀਨ ਐਨਰਜੀ                        1175.9                         4.13 ਫ਼ੀਸਦੀ

ਅਡਾਨੀ ਟੋਟਲ ਗੈਸ ਲਿਮਟਿਡ                 1544.55                        5 ਫ਼ੀਸਦੀ

ਅਡਾਨੀ ਗਰੁੱਪ ਨੇ ਦਿੱਤਾ 300 ਫ਼ੀਸਦੀ ਤੱਕ ਦਾ ਰਿਟਰਨ

ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਸੈਂਸੈਕਸ ’ਚ 10 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਪਰ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੀ ਚਾਂਦੀ ਹੋ ਰਹੀ ਹੈ ਅਤੇ ਕੰਪਨੀ ਦੇ ਸ਼ੇਅਰ 1 ਜਨਵਰੀ ਦੇ ਬਾਅਦ ਤੋਂ 300 ਫ਼ੀਸਦੀ ਤੱਕ ਦਾ ਰਿਟਰਨ ਦੇ ਚੁੱਕੇ ਹਨ। ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ਦੀ ਕੀਮਤ 31 ਦਸੰਬਰ ਨੂੰ 374 ਰੁਪਏ ਸੀ, ਜੋ 11 ਜੂਨ ਨੂੰ ਵਧ ਕੇ 1625 ਰੁਪਏ ਹੋ ਗਈ ਸੀ ਜਦੋਂ ਕਿ ਅਡਾਨੀ ਟਰਾਂਸਮਿਸ਼ਨ ਦਾ ਸ਼ੇਅਰ 437 ਰੁਪਏ ਤੋਂ ਵਧ ਕੇ 1597 ਰੁਪਏ ਹੋ ਗਿਆ।

ਮਾਰੀਸ਼ਸ ’ਚ ਤਿੰਨੇ ਐੱਫ. ਪੀ. ਆਈ. ਇਕ ਹੀ ਪਤੇ ’ਤੇ ਰਜਿਸਟਰਡ ਹੋਣ ਨਾਲ ਵਧਿਆ ਸ਼ੱਕ

ਮਾਰੀਸ਼ਸ ਆਧਾਰਿਤ ਜਿਨ੍ਹਾਂ ਤਿੰਨ ਐੱਫ. ਪੀ. ਆਈ. ਨੂੰ ਲੈ ਕੇ ਸੋਮਵਾਰ ਨੂੰ ਰਿਪੋਰਟ ਪ੍ਰਕਾਸ਼ਿਤ ਹੋਈ ਉਨ੍ਹਾਂ ’ਚ ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੇਸਟਾ ਫੰਡ ਲਿਮਟਿਡ ਅਤੇ ਏ. ਪੀ. ਐੱਮ. ਸੀ. ਫੰਡ ਲਿਮਟਿਡ ਸ਼ਾਮਲ ਹਨ। ਇਨ੍ਹਾਂ ਫੰਡਸ ਦੇ ਕੋਲ ਅਡਾਨੀ ਗਰੁੱਪ ਦੀਆਂ ਚਾਰ ਕੰਪਨੀਆਂ ’ਚ 2.1 ਫ਼ੀਸਦੀ ਤੋਂ ਲੈ ਕੇ 3.9 ਫ਼ੀਸਦੀ ਤੱਕ ਦੀ ਹਿੱਸੇਦਾਰੀ ਹੈ। ਅਖ਼ਬਾਰ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਇਹ ਤਿੰਨੇ ਹੀ ਫੰਡ ਮਾਰੀਸ਼ਸ ਦੇ ਪੋਰਟ ਲੁਇਸ ’ਚ ਇਕ ਹੀ ਪਤੇ ’ਤੇ ਰਜਿਸਟਰਡ ਹਨ, ਜਿਸ ਕਾਰਨ ਐਕਸਚੇਂਜ ਨੂੰ ਇਨ੍ਹਾਂ ਦੀ ਭਰੋਸੇਯੋਗਤਾ ਨੂੰ ਲੈ ਕੇ ਸ਼ੱਕ ਹੋਇਆ ਹੈ। ਇਹ ਫੰਡਸ 2005 ਅਤੇ 2007 ’ਚ ਸਥਾਪਤ ਕੀਤੇ ਗਏ ਸਨ।

ਖੁੱਸ ਸਕਦਾ ਹੈ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਜਾਇਦਾਦ ’ਚ 10 ਬਿਲੀਅਨ ਡਾਲਰ (73,000 ਕਰੋਡ਼ ਰੁਪਏ) ਘੱਟ ਹੋ ਕੇ 67 ਬਿਲੀਅਨ ਡਾਲਰ ’ਤੇ ਆ ਗਈ। ਜਦੋਂ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਜਾਇਦਾਦ 77 ਬਿਲੀਅਨ ਡਾਲਰ ਯਾਨੀ 5.64 ਲੱਖ ਕਰੋਡ਼ ਰੁਪਏ ਸੀ। ਉਨ੍ਹਾਂ ਦੀ ਜਾਇਦਾਦ ’ਚ ਆਈ ਇਸ ਗਿਰਾਵਟ ਨਾਲ ਗੌਤਮ ਅਡਾਨੀ ਤੋਂ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਖੁੱਸ ਸਕਦਾ ਹੈ।

ਅਡਾਨੀ ਗਰੁੱਪ ਦੀ ਸਫਾਈ, ਐੱਫ. ਪੀ. ਆਈ. ਦੇ ਖਾਤੇ ਫਰੀਜ਼ ਨਹੀਂ ਹੋਏ

ਸੋਮਵਾਰ ਨੂੰ ਅਡਾਨੀ ਗਰੁੱਪ ਸ਼ੇਅਰਾਂ ’ਚ ਜਬਰਦਸਤ ਗਿਰਾਵਟ ਤੋਂ ਬਾਅਦ ਕੰਪਨੀ ਨੇ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਨੂੰ ਪੱਤਰ ਲਿਖ ਕੇ ਐੱਨ. ਐੱਸ. ਡੀ. ਐੱਲ. ਵੱਲੋਂ ਤਿੰਨ ਐੱਫ. ਪੀ. ਆਈ. ਦੇ ਖਾਤੇ ਫਰੀਜ਼ ਕੀਤੇ ਜਾਣ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ। ਕੰਪਨੀ ਨੇ ਕਿਹਾ ਕਿ ਇਹ ਖਬਰਾਂ ਨਿਵੇਸ਼ਕਾਂ ਨੂੰ ਜਾਨ-ਬੁੱਝ ਕੇ ਗੁੰਮਰਾਹ ਕਰਨ ਲਈ ਫੈਲਾਈ ਗਈ ਹੈ ਅਤੇ ਇਸ ਝੂਠੀ ਖਬਰ ਕਾਰਨ ਨਿਵੇਸ਼ਕਾਂ ਦੇ ਨਾਲ ਕੰਪਨੀ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਹਾਲਾਂਕਿ, ਕੰਪਨੀ ਦੇ ਇਸ ਬਿਆਨ ਦੇ ਬਾਵਜੂਦ ਐੱਨ. ਐੱਸ. ਡੀ. ਐੱਲ. ਦਾ ਡਾਟਾ ਦੱਸ ਰਿਹਾ ਹੈ ਕਿ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਨਿਵੇਸ਼ ਕਰਨ ਵਾਲੇ ਮਾਰੀਸ਼ਸ ਦੇ 3 ਐੱਫ. ਪੀ. ਆਈ. ਦਾ ਅਕਾਊਂਟ ਫਰੀਜ਼ ਹੈ।

ਵਿਸ਼ੇਲਸ਼ਕਾਂ ਬੋਲੇ, ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਖਤਰਾ

ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਹੁਣ ਆਪਰੇਟਰਾਂ ਦੇ ਹੱਥ ’ਚ ਹਨ ਅਤੇ ਐੱਫ. ਪੀ. ਆਈ . ਦੇ ਖਾਤੇ ਫਰੀਜ਼ ਹੋਣ ਦੀ ਖਬਰ ਤੋਂ ਬਾਅਦ ਇਨ੍ਹਾਂ ’ਚ ਖਤਰਾ ਵਧ ਗਿਆ ਹੈ ਤੇ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਜਿਨ੍ਹਾਂ ਨਿਵੇਸ਼ਕਾਂ ਨੇ ਇਨ੍ਹਾਂ ਕੰਪਨੀਆਂ ’ਚ ਨਿਵੇਸ਼ ਕੀਤਾ ਹੋਇਆ ਹੈ ਉਨ੍ਹਾਂ ਨੂੰ ਇਨ੍ਹਾਂ ਸ਼ੇਅਰਾਂ ’ਚੋਂ ਨਿਕਲਣ ਲਈ ਸ਼ੇਅਰਾਂ ’ਚ ਉਛਾਲ ਆਉਣ ਦਾ ਇੰਤਜਾਰ ਕਰਨਾ ਚਾਹੀਦਾ ਹੈ। -ਸੰਜੀਵ ਅੱਗਰਵਾਲ, ਸੀ. ਈ. ਓ. ਐਲਫ਼ਾ ਕਵਾਂਟਮ ਕੈਪੀਟਲ ਮੈਨੇਜਮੈਂਟ।

ਮਿਊਚਲ ਫੰਡਾਂ ਦੇ ਕੋਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਕਾਫ਼ੀ ਸ਼ੇਅਰ ਹਨ ਅਤੇ ਸੇਬੀ ਦੇ ਕੋਲ ਇਸ ਵਿਸ਼ੇ ’ਚ ਕਈ ਸ਼ਿਕਾਇਤਾਂ ਵੀ ਪਹੁੰਚੀਆਂ ਹਨ। ਅੱਜ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਚਾਰ ਕੰਪਨੀਆਂ ’ਚ ਯੰਤਰ ਡੇ ਟਰੇਡਿੰਗ ’ਤੇ ਰੋਕ ਲਗਾ ਦਿੱਤੀ ਗਈ ਹੈ, ਲਿਹਾਜਾ ਮੈਨੂੰ ਲੱਗਦਾ ਹੈ ਕਿ ਨਿਵੇਸ਼ਕਾਂ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਸੋਚ ਸਮਝ ਕੇ ਨਿਵੇਸ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਕੋਲ ਪਹਿਲਾਂ ਤੋਂ ਇਨ੍ਹਾਂ ਕੰਪਨੀਆਂ ਦੇ ਸ਼ੇਅਰ ਹਨ, ਉਹ ਗਿਰਾਵਟ ’ਤੇ ਆਪਣੀ ਕੀਮਤ ਐਵਰੇਜ ਕਰਨ ਲਈ ਖਰੀਦ ਸਕਦੇ ਹਨ। -ਯਸ਼ ਗੁਪਤਾ, ਇਕਵਿਟੀ ਰਿਸਰਚ ਐਸੋਸੀਏਟ, ਏਂਜਲ ਬਰੋਕਿੰਗ।


author

Harinder Kaur

Content Editor

Related News