ਭਾਰਤ ਦਾ ਚਾਲੂ ਖਾਤਾ ਘਾਟਾ GDP ਦੇ 3 ਫ਼ੀਸਦੀ ਦੇ ਅੰਦਰ ਰਹਿਣ ਦੀ ਸੰਭਾਵਨਾ: RBI
Saturday, Sep 17, 2022 - 01:06 PM (IST)
ਮੁੰਬਈ : ਵਿੱਤੀ ਸਾਲ 2022-23 ਵਿੱਚ ਭਾਰਤ ਦਾ ਚਾਲੂ ਖਾਤਾ ਘਾਟਾ (CAD) ਕੁੱਲ ਘਰੇਲੂ ਉਤਪਾਦ ਜੀ.ਡੀ.ਪੀ. ਦੇ ਤਿੰਨ ਫੀਸਦੀ ਦੇ ਅੰਦਰ ਰਹਿ ਸਕਦਾ ਹੈ। ਪਿਛਲੇ ਵਿੱਤੀ ਸਾਲ 'ਚ ਇਹ 1.2 ਫ਼ੀਸਦੀ ਸੀ। ਭਾਰਤੀ ਰਿਜ਼ਰਵ ਬੈਂਕ ਆਰ.ਬੀ.ਆਈ. ਵਲੋਂ ਸ਼ੁੱਕਰਵਾਰ ਨੂੰ ਜਾਰੀ ਤਾਜ਼ਾ ਬੁਲੇਟਿਨ 'ਚ ਇਹ ਸੰਭਾਵਨਾ ਜਤਾਈ ਹੈ। ਭਾਰਤ ਦਾ ਵਪਾਰ ਘਾਟਾ ਚਾਲੂ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ 'ਚ 124.5 ਅਰਬ ਡਾਲਰ ਹੋ ਗਿਆ ਹੈ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 54 ਅਰਬ ਡਾਲਰ ਸੀ।
ਸਟੇਟ ਆਫ਼ ਦਿ ਇਕਾਨਮੀ ਲੇਖ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਆਈ ਹੈ। ਬਨਸਪਤੀ ਤੇਲ ਅਤੇ ਖਾਦਾਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿਚ ਵੀ ਪਿਹਲਾਂ ਨਾਲੋਂ ਵੀ ਵਧੇਰੇ ਨਰਮੀ ਦੇਖਣ ਨੂੰ ਮਿਲ ਰਹੀ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ਅਗਸਤ ਵਿਚ ਸਾਲਾਨਾ ਆਧਾਰ 'ਤੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਿਚ ਵੀ ਸੁਧਾਰ ਹੋਇਆ ਹੈ। ਲੇਖ ਦੇ ਅਨੁਸਾਰ, ਵਸਤੂਆਂ ਅਤੇ ਸੇਵਾਵਾਂ ਦੀ ਸਮੁੱਚੀ ਬਰਾਮਦ 2022-23 ਲਈ 750 ਬਿਲੀਅਨ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਪ੍ਰਵਾਸੀ ਭਾਰਤੀਆਂ ਨੂੰ ਮਿਲਣ ਵਾਲੇ ਧਨ ਦੇ ਮਾਮਲੇ ਵਿਚ ਦੁਨੀਆ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ। ਦੇਸ਼ 'ਚ ਪਿਛਲੇ ਵਿੱਤੀ ਸਾਲ ਦੌਰਾਨ ਵਿਦੇਸ਼ੀ ਭਾਰਤੀਆਂ ਤੋਂ 90 ਅਰਬ ਡਾਲਰ ਦੀ ਰਿਕਾਰਡ ਰਾਸ਼ੀ ਆਈ ਹੈ। ਚਾਲੂ ਵਿੱਤੀ ਸਾਲ 'ਚ ਇਸ ਦੇ ਰਿਕਾਰਡ ਉਚਾਈ 'ਤੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ।
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਦੇਬਾਬਰਤਾ ਪਾਤਰਾ ਦੀ ਅਗਵਾਈ ਵਾਲੀ ਟੀਮ ਦੁਆਰਾ ਲਿਖੇ ਗਏ ਲੇਖ ਵਿਚ ਕਿਹਾ ਗਿਆ ਹੈ, ਸਮੁੱਚਾ ਚਾਲੂ ਖਾਤਾ ਘਾਟਾ ਜੀ.ਡੀ.ਪੀ. ਦੇ ਤਿੰਨ ਫ਼ੀਸਦੀ ਦੇ ਅੰਦਰ ਰਹਿਣ ਦਾ ਅਨੁਮਾਨ ਹੈ। ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਲੇਖ ਵਿਚ ਪ੍ਰਗਟਾਏ ਗਏ ਵਿਚਾਰ ਲੇਖਕ ਅਤੇ ਰਿਜ਼ਰਵ ਬੈਂਕ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦੇ।