''ਰੁਪਏ'' ਨੇ ਵਧਾਈ ਚਿੰਤਾ, ਏ. ਸੀ. ਖਰੀਦਣਾ ਹੋਵੇਗਾ ਮਹਿੰਗਾ!
Monday, Mar 12, 2018 - 03:54 PM (IST)

ਮੁੰਬਈ— ਜਲਦ ਹੀ ਏ. ਸੀ. ਅਤੇ ਫਰਿੱਜ ਵਰਗੇ ਇਲੈਕਟ੍ਰਾਨਿਕ ਸਾਮਾਨ ਮਹਿੰਗੇ ਹੋ ਸਕਦੇ ਹਨ।ਅਜਿਹਾ ਇਸ ਲਈ ਕਿਉਂਕਿ ਇਕ ਤਾਂ ਕੰਪਨੀਆਂ ਹਾਲ ਹੀ 'ਚ ਵਧਾਈ ਗਈ ਕਸਟਮ ਡਿਊਟੀ ਦਾ ਬੋਝ ਝੱਲ ਰਹੀਆਂ ਹਨ ਅਤੇ ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਨਾਲ ਉਨ੍ਹਾਂ 'ਤੇ ਹੋਰ ਭਾਰ ਵਧ ਰਿਹਾ ਹੈ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 65.17 'ਤੇ ਪਹੁੰਚ ਗਿਆ, ਯਾਨੀ ਡਾਲਰ ਮਹਿੰਗਾ ਹੋਇਆ। ਮਾਹਰਾਂ ਮੁਤਾਬਕ ਆਉਣ ਵਾਲੇ ਹਫਤਿਆਂ 'ਚ ਡਾਲਰ ਦਾ ਮੁੱਲ 66 ਰੁਪਏ ਤਕ ਪਹੁੰਚਣ ਦਾ ਖਦਸ਼ਾ ਹੈ। ਅਜਿਹੇ 'ਚ ਦਰਾਮਦ ਪੁਰਜ਼ਿਆਂ 'ਤੇ ਨਿਰਭਰ ਕੰਪਨੀਆਂ ਆਪਣੇ ਸਾਮਾਨਾਂ ਦੇ ਮੁੱਲ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ ਰਹੀਆਂ ਹਨ।
ਡਾਲਰ ਮਹਿੰਗਾ ਹੋਣ ਨਾਲ ਕੰਪਨੀਆਂ ਨੂੰ ਬਾਹਰੋਂ ਪੁਰਜ਼ੇ ਖਰੀਦਣਾ ਮਹਿੰਗਾ ਪੈਂਦਾ ਹੈ। ਅਜਿਹੇ 'ਚ ਕੰਪਨੀਆਂ ਵਧੀ ਹੋਈ ਲਾਗਤ ਦਾ ਭਾਰ ਗਾਹਕਾਂ 'ਤੇ ਪਾਉਣ ਦੀ ਤਿਆਰੀ 'ਚ ਹਨ। 6,000 ਤੋਂ 7,000 ਕਰੋੜ ਰੁਪਏ ਦਾ ਘਰੇਲੂ ਇਲੈਕਟ੍ਰਾਨਿਕਸ ਅਤੇ ਉਪਕਰਣ ਬਾਜ਼ਾਰ ਮੁੱਖ ਤੌਰ 'ਤੇ ਦਰਾਮਦ ਪੁਰਜ਼ਿਆਂ 'ਤੇ ਹੀ ਨਿਰਭਰ ਹੈ। ਇਸ ਤੋਂ ਪਹਿਲਾਂ ਜਨਵਰੀ ਅਤੇ ਫਰਵਰੀ ਦੌਰਾਨ ਏਅਰ ਕੰਡੀਸ਼ਨਰ (ਏ. ਸੀ.) ਨਿਰਮਾਤਾਵਾਂ ਨੇ ਨਵੀਂ ਊਰਜਾ ਲੇਬਲਿੰਗ ਲਾਗੂ ਹੋਣ 'ਤੇ ਕੀਮਤਾਂ 'ਚ 5 ਤੋਂ 6 ਫੀਸਦੀ ਤਕ ਦਾ ਵਾਧਾ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਐੱਲ. ਜੀ.,ਵਰਲਪੂਲ, ਸੈਮਸੰਗ, ਪੈਨਾਸੋਨਿਕ ਅਤੇ ਵੀਡੀਓਕਾਨ ਰੁਪਏ ਦੀ ਸਥਿਤੀ 'ਤੇ ਨਜ਼ਰ ਰੱਖੇ ਹੋਏ ਹਨ। ਹਾਲਾਂਕਿ ਅਜੇ ਇਨ੍ਹਾਂ ਕੰਪਨੀਆਂ ਨੇ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ। ਵਰਲਪੂਲ ਇੰਡੀਆ ਦੇ ਮਾਰਕੀਟਿੰਗ ਅਧਿਕਾਰੀ ਨੇ ਕਿਹਾ ਕਿ ਜੇਕਰ ਰੁਪਿਆ 66 ਰੁਪਏ 'ਤੇ ਪਹੁੰਚਦਾ ਹੈ, ਤਾਂ ਕੀਮਤਾਂ ਵਧਾਉਣ 'ਤੇ ਵਿਚਾਰ ਕਰਨਾ ਹੋਵੇਗਾ।