ਦੇਸ਼ ’ਚ ਬੀਤੇ ਮਾਲੀ ਸਾਲ ਲੱਗਭਗ 92,000 ਪੇਟੈਂਟ ਅਰਜ਼ੀਆਂ ਜਮ੍ਹਾ ਕੀਤੀਆਂ
Wednesday, Dec 04, 2024 - 10:52 AM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਪਿਛਲੇ ਮਾਲੀ ਸਾਲ (2023-24) ਦੌਰਾਨ ਲੱਗਭਗ 92,000 ਪੇਟੈਂਟ ਅਰਜ਼ੀਆਂ ਜਮ੍ਹਾ ਕੀਤੀਆਂ ਗਈਆਂ। ਇਹ ਤਕਨੀਕ ਅਤੇ ਵਿਗਿਆਨਕ ਵਿਕਾਸ ਦੇ ਕੇਂਦਰ ਦੇ ਰੂਪ ’ਚ ਭਾਰਤ ਦੇ ਵਧਦੇ ਕੱਦ ਨੂੰ ਦਰਸਾਉਂਦਾ ਹੈ। ਪੇਟੈਂਟ, ਡਿਜ਼ਾਈਨ ਅਤੇ ਟਰੇਡਮਾਰਕ ਕੰਟਰੋਲਰ ਜਨਰਲ (ਸੀ. ਜੀ. ਪੀ. ਡੀ. ਟੀ. ਐੱਮ.) ਉੱਨਤ ਪੰਡਿਤ ਨੇ ਕਿਹਾ ਕਿ ਬੌਧਿਕ ਸੰਪਤੀ (ਆਈ. ਪੀ.) ਦਿਸ਼ਾ-ਨਿਰਦੇਸ਼ਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਅਤੇ ਨਵੇਂ ਮਾਪਦੰਡਾਂ ਲਈ ਵੱਖ-ਵੱਖ ਧਿਰਾਂ ਤੋਂ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਹਨ।
ਪੰਡਿਤ ਨੇ ਇਥੇ ਉਦਯੋਗ ਮੰਡਲ ਐਸੋਚੈਮ ਦੇ ਇਕ ਪ੍ਰੋਗਰਾਮ ’ਚ ਕਿਹਾ,‘ਪਿਛਲੇ ਮਾਲੀ ਸਾਲ ’ਚ ਲੱਗਭਗ 92,000 ਪੇਟੈਂਟ ਅਰਜ਼ੀਆਂ ਦਾਖਲ ਕੀਤੀਆਂ ਗਈਆਂ। ਇਸ ਦਾ ਮਤਲਬ ਹੈ ਕਿ ਹਰ 6 ਮਿੰਟ ’ਚ ਇਕ ਨਵੀਂ ਤਕਨੀਕ ਭਾਰਤ ’ਚ ਬੌਧਿਕ ਸੰਪਤੀ ਸੁਰੱਖਿਅਾ ਦੀ ਮੰਗ ਕਰ ਰਹੀ ਹੈ।’ ਉਨ੍ਹਾਂ ਕਿਹਾ,‘ਅਸੀਂ ਬੌਧਿਕ ਸੰਪਤੀ ਦਿਸ਼ਾ-ਨਿਰਦੇਸ਼ਾਂ ’ਚ ਸੁਧਾਰ ਕਰ ਰਹੇ ਹਾਂ, ਜੋ ਵੱਖ-ਵੱਖ ਖੇਤਰਾਂ ’ਚ ਆਈ. ਪੀ. ਦੀ ਸੁਰੱਖਿਆ ਲਈ ਬਣਾਏ ਗਏ ਸਨ। ਇਹ ਪ੍ਰਕਿਰਿਆ ਜਾਰੀ ਹੈ, ਅਜਿਹੇ ਦਿਸ਼ਾ-ਨਿਰਦੇਸ਼ਾਂ ਦੇ ਪ੍ਰਭਾਵ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਦਯੋਗ ਮੰਡਲਾਂ ਅਤੇ ਆਈ. ਪੀ. ਹਿਤਧਾਰਕਾਂ ਵੱਲੋਂ ਵੀ ਯੋਗਦਾਨ ਦਿੱਤਾ ਜਾ ਸਕਦਾ ਹੈ।’