ਏਂਜਲ ਟੈਕਸ ਖਤਮ ਕਰਨ ਨਾਲ ਸਟਾਰਟਅਪ ਇਕੋਲੋਜੀ ਨੂੰ ਬੜ੍ਹਾਵਾ ਮਿਲੇਗਾ : ਵੈਸ਼ਣਵ
Wednesday, Jul 24, 2024 - 10:19 AM (IST)
ਨਵੀਂ ਦਿੱਲੀ- ਸੂਚਨਾ ਤਕਨੀਕੀ (ਆਈ. ਟੀ.) ਮੰਤਰੀ ਅਸ਼ਵਿਨੀ ਵੈਸ਼ਣਵ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰੀ ਬਜਟ ’ਚ ‘ਏਂਜਲ’ ਟੈਕਸ ਨੂੰ ਖਤਮ ਕਰਨ ਦਾ ਐਲਾਨ ਇਕ ਮਹਤਵਪੂਰਨ ਮੀਲ ਦਾ ਪੱਥਰ ਹੈ। ਇਹ ਭਾਰਤ ’ਚ ਸਟਾਰਟਅਪ ਇਕੋਲੋਜੀ ਨੂੰ ਬੜ੍ਹਾਵਾ ਦੇਵੇਗਾ। ਵੈਸ਼ਣਵ ਨੇ ਕਿਹਾ,“ਇਹ ਇਕ ਬਹੁਤ ਚੰਗਾ ਫੈਸਲਾ ਹੈ ਅਤੇ ਡੀਪ ਟੈਕ ਸਟਾਰਟਅਪ ਦੀ ਸਭ ਤੋਂ ਵੱਡੀ ਮੰਗ ਰਹੀ ਹੈ। ਇਸ ਕਦਮ ਨਾਲ ਸਟਾਰਟਅਪ ’ਚ ਨਿਵੇਸ਼ ਨੂੰ ਬੜ੍ਹਾਵਾ ਮਿਲੇਗਾ।” ਉਨ੍ਹਾਂ ਨੇ ਬਜਟ ਤੋਂ ਬਾਅਦ ਕਿਹਾ,“ਏਂਜਲ ਟੈਕਸ ਇਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਹੈ, ਡੀਪ ਟੈਕ ਸਟਾਰਟਅਪ ਦੇ ਸਾਹਮਣੇ ਇਕ ਵੱਡੀ ਸਮੱਸਿਆ ਸੀ ਕਿ ਤੁਸੀਂ ਮੁਲਾਂਕਣ ਕਿਵੇਂ ਕਰਦੇ ਹੋ। ਮੰਤਰੀ ਨੇ ਕਿਹਾ ਕਿ ਭਾਰਤ ਨੇ ਮੋਬਾਈਲ, ਲੈਪਟਾਪ ਅਤੇ ਸਰਵਰ ਦੇ ਘਰੇਲੂ ਨਿਰਮਾਣ ’ਚ ਵੱਡੀ ਤਰੱਕੀ ਕੀਤੀ ਹੈ ਅਤੇ ਹੁਣ ਧਿਆਨ ਕਲਪੁਰਜ਼ਾ ਨਿਰਮਾਣ ਨੂੰ ਬੜ੍ਹਾਵਾ ਦੇਣ ’ਤੇ ਹੈ।
ਉਨ੍ਹਾਂ ਕਿਹਾ ਕਿ ਡਾਟਾ ਸੁਰੱਖਿਆ ਐਕਟ (ਡੀ. ਪੀ. ਡੀ. ਪੀ. ਐਕਟ) ਤਹਿਤ ਨਿਯਮ ਬਣਾਉਣ ਦੀ ਪ੍ਰਕਿਰਿਆ ਅੰਤਿਮ ਪੜਾਅ ’ਚ ਹੈ ਅਤੇ ਅਸੀਂ ਜਲਦ ਹੀ ਨਿਯਮਾਂ ਨੂੰ ਜਨਤਾ ਅਤੇ ਹਿੱਤਧਾਰਕਾਂ ਦੀ ਸਲਾਹ ਲਈ ਰੱਖਾਂਗੇ।ਏਂਜਲ ਟੈਕਸ ਸਿਸਟਮ ਮੂਲ ਰੂਪ ਨਾਲ 2012 ’ਚ ਮਣੀ ਲਾਂਡਰਿੰਗ ਨੂੰ ਰੋਕਣ ਲਈ ਇਕ ਐਂਟੀ-ਐਬਿਊਜ਼ ਉਪਾਅ ਦੇ ਤੌਰ ’ਤੇ ਲਾਗੂ ਕੀਤਾ ਗਿਆ ਸੀ। ਸਾਲਾਂ ਤੋਂ ਸਟਾਰਟਅਪਸ ਅਤੇ ਨਿਵੇਸ਼ਕ ਟੈਕਸ ਅਧਿਕਾਰੀਆਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦੇ ਬਾਰੇ ’ਚ ਚਿੰਤਾ ਜਤਾ ਰਹੇ ਸਨ।