ਸਿਪ ਰਾਹੀਂ ਜੁਲਾਈ ’ਚ ਆਇਆ 23,332 ਕਰੋੜ ਰੁਪਏ ਦਾ ਰਿਕਾਰਡ ਨਿਵੇਸ਼, ਇਕਵਿਟੀ ਮਿਊਚੁਅਲ ਫੰਡ ’ਚ ਇਨਵੈਸਟਮੈਂਟ ਘਟਿਆ

Saturday, Aug 10, 2024 - 09:29 AM (IST)

ਨਵੀਂ ਦਿੱਲੀ–ਬਾਜ਼ਾਰ ਦੇ ਆਕਰਸ਼ਕ ਰਿਟਰਨ ਅਤੇ ਕੰਪਾਊਂਟਿੰਗ ਦੇ ਜ਼ਬਰਦਸਤ ਫਾਇਦਿਆਂ ਨੂੰ ਦੇਖਦੇ ਹੋਏ ਦੇਸ਼ ਦੇ ਆਮ ਨਿਵੇਸ਼ਕ ਹੁਣ ਰਿਸਕ ਹੋਣ ਦੇ ਬਾਵਜੂਦ ਮਿਊਚੁਅਲ ਫੰਡ ’ਚ ਵੱਧ-ਚੜ੍ਹ ਕੇ ਨਿਵੇਸ਼ ਕਰ ਰਹੇ ਹਨ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਆਫ ਇੰਡੀਆ (ਐੱਮਫੀ) ਦੇ ਅੰਕੜੇ ਕਹਿ ਰਹੇ ਹਨ। ਅੰਕੜਿਆਂ ਅਨੁਸਾਰ ਜੁਲਾਈ 2024 ’ਚ ਸਿਪ ਰਾਹੀਂ ਕੀਤੇ ਜਾਣ ਵਾਲੇ ਨਿਵੇਸ਼ ’ਚ ਮਹੀਨਾਵਾਰ ਆਧਾਰ ’ਤੇ 10 ਫੀਸਦੀ ਦਾ ਵਾਧਾ ਹੋਇਆ ਹੈ। ਇਸ ਵਾਧੇ ਦੇ ਨਾਲ ਹੀ ਜੁਲਾਈ 2024 ’ਚ ਸਿਸਟੇਮੈਟਿਕ ਇਨਵੈਸਮੈਂਟ ਪਲਾਨ (ਐੱਸ. ਆਈ. ਪੀ. ਭਾਵ ਸਿਪ) ਨਿਵੇਸ਼ 23,000 ਕਰੋੜ ਰੁਪਏ ਦੇ ਪਾਰ ਪਹੁੰਚ ਗਿਆ। ਐਮਫੀ ਅਨੁਸਾਰ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਇਕ ਮਹੀਨੇ ’ਚ ਐੱਸ. ਆਈ. ਪੀ. ਨਿਵੇਸ਼ 23,000 ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ। ਮੰਥਲੀ ਸਿਪ ਜੂਨ ’ਚ 21,262 ਕਰੋੜ ਤੋਂ ਵੱਧ ਕੇ ਜੁਲਾਈ ’ਚ 23,332 ਕਰੋੜ ਰੁਪਏ ਹੋ ਗਿਆ। ਹਾਲਾਂਕਿ ਜੁਲਾਈ ’ਚ ਇਕਵਿਟੀ ਮਿਊਚੁਅਲ ਫੰਡ ’ਚ ਕੀਤੇ ਜਾਣ ਵਾਲੇ ਨਿਵੇਸ਼ ’ਚ 9 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਸਿਪ ’ਚ ਆਏ ਰਿਕਾਰਡ ਨਿਵੇਸ਼ ਦੀ ਬਦੌਲਤ ਜੁਲਾਈ ’ਚ ਮਿਊਚੁਅਲ ਫੰਡਸ ਦਾ ਕੁਲ ਏ. ਯੂ. ਐੱਮ. ਵੀ 6 ਫੀਸਦੀ ਵਧ ਕੇ 64.69 ਲੱਖ ਕਰੋੜ ਰੁਪਏ ਹੋ ਗਿਆ, ਜੋ ਜੂਨ ’ਚ 60.89 ਲੱਖ ਕਰੋੜ ਰੁਪਏ ਸੀ। ਇਸ ਦੌਰਾਨ ਡੈਟ ਮਿਊਚੁਅਲ ਫੰਡ ’ਚ ਹੋਣ ਵਾਲੇ ਨਿਵੇਸ਼ ’ਚ ਵੀ ਵਾਧਾ ਦੇਖਿਆ ਗਿਆ ਹੈ। ਹਾਲਾਂਕਿ ਇਕਵਿਟੀ ਮਿਊਚੁਅਲ ਫੰਡ ’ਚ ਹੋਣ ਵਾਲੇ ਨੈੱਟ ਇਨਵੈਸਟਮੈਂਟ ’ਚ 9 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
ਸੈਕਟੋਰਲ ਫੰਡਸ ’ਚ ਆਉਣ ਵਾਲੇ ਨਿਵੇਸ਼ ’ਚ ਵੱਡੀ ਗਿਰਾਵਟ
ਜੁਲਾਈ 2024 ’ਚ ਸੈਕਟੋਰਲ ਫੰਡਸ ’ਚ ਆਉਣ ਵਾਲੇ ਨਿਵੇਸ਼ ’ਚ 18 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜਿਨ੍ਹਾਂ ’ਚ ਲਗਾਤਾਰ 3 ਮਹੀਨਿਆਂ ਤੋਂ ਵਾਧਾ ਦਰਜ ਕੀਤੀ ਜਾ ਰਹੀ ਸੀ। ਮਿਊਚੁਅਲ ਫੰਡਸ ਦੇ ਸੈਕਟੋਰਲ ਫੰਡਸ ਕੈਟੇਗਰੀ ’ਚ ਜੂਨ ’ਚ 22,351 ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ, ਜੋ ਜੁਲਾਈ ’ਚ ਘਟ ਕੇ 18,386 ਕਰੋੜ ਰੁਪਏ ’ਤੇ ਪਹੁੰਚ ਗਿਆ। ਭਾਰਤ ’ਚ ਗੋਲਡ ਈ. ਟੀ. ਐੱਫ. ’ਚ ਨਿਵੇਸ਼ ਆਲ ਟਾਈਮ ਹਾਈ ’ਤੇ, ਜੁਲਾਈ ’ਚ 1337 ਕਰੋੜ ਰੁਪਏ ਦੇ ਪਾਰ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦੇ ਰੁਖ ਵਿਚਾਲੇ ਘਰੇਲੂ ਪੱਧਰ ’ਤੇ ਗੋਲਡ ਈ. ਟੀ. ਐੱਫ. (ਐਕਸਚੇਂਜ ਟ੍ਰੇਡਿਡ ਫੰਡ) ’ਚ ਜੁਲਾਈ 2024 ਦੌਰਾਨ ਨਿਵੇਸ਼ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਕਿਸੇ ਇਕ ਮਹੀਨੇ ਦੌਰਾਨ ਗੋਲਡ ਈ. ਟੀ. ਐੱਫ. ’ਚ ਸਭ ਤੋਂ ਵੱਧ 1100 ਕਰੋੜ ਰੁਪਏ ਤੋਂ ਵੱਧ ਦਾ ਸ਼ੁੱਧ ਨਿਵੇਸ਼ ਅਪ੍ਰੈਲ 2022 ਦੌਰਾਨ ਦਰਜ ਕੀਤਾ ਗਿਆ ਸੀ। ਇਸ ਸਾਲ ਗੋਲਡ ਈ. ਟੀ. ਐੱਫ. ’ਚ ਹੁਣ ਤੱਕ ਸਿਰਫ ਅਪ੍ਰੈਲ ’ਚ ਨਿਕਾਸੀ ਦਰਜ ਕੀਤੀ ਗਈ ਜਦਕਿ ਬਾਕੀ 6 ਮਹੀਨਿਆਂ ਦੌਰਾਨ ਨਿਵੇਸ਼ ’ਚ ਵਾਧਾ ਦੇਖਣ ਨੂੰ ਮਿਲਿਆ ਹੈ।
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐਮਫੀ) ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਕੁਲ 17 ਗੋਲਡ ਈ. ਟੀ. ਐੱਫ. ’ਚ ਜੁਲਾਈ 2024 ਦੌਰਾਨ 1337.35 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 193 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਦੇਸ਼ ਦੇ ਕੁਲ 13 ਗੋਲਡ ਈ. ਟੀ. ਐੱਫ. ’ਚ 456.15 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ ਸੀ। ਜੂਨ 2024 ਦੌਰਾਨ ਗੋਲਡ ਈ. ਟੀ. ਐੱਫ. ’ਚ 726.16 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ ਸੀ। ਇਸ ਤਰ੍ਹਾਂ ਨਾਲ ਦੇਖੀਏ ਤਾਂ ਕੈਲੰਡਰ ਸਾਲ 2024 ਦੇ ਪਹਿਲੇ 7 ਮਹੀਨਿਆਂ (ਜਨਵਰੀ-ਜੁਲਾਈ) ਦੌਰਾਨ ਗੋਲਡ ਈ. ਟੀ. ਐੱਫ. ’ਚ ਕੁਲ 4,523.29 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ ਜਦਕਿ ਕੈਲੰਡਰ ਸਾਲ 2023 ਦੇ ਪਹਿਲੇ 7 ਮਹੀਨਿਆਂ ਦੌਰਾਨ 453.55 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਦਰਜ ਕੀਤਾ ਗਿਆ ਸੀ।


Aarti dhillon

Content Editor

Related News