ਦੂਜੇ ਬੈਂਕਾਂ ਦੇ ਏ. ਟੀ. ਐੱਮਜ਼ ਦੀ ਜ਼ਿਆਦਾ ਵਰਤੋਂ ਕਰ ਰਹੇ ਖਪਤਕਾਰ

08/20/2017 12:41:26 AM

ਮੁੰਬਈ- ਬੈਂਕਾਂ ਨੇ ਇਕ ਪਾਸੇ ਨਵੇਂ ਏ. ਟੀ. ਐੱਮ. ਲਾਉਣ ਦੀ ਯੋਜਨਾ 'ਤੇ ਬ੍ਰੇਕ ਲਾ ਦਿੱਤੀ ਹੈ ਤਾਂ ਦੂਜੇ ਪਾਸੇ ਸਿਸਟਮ 'ਚ ਡੈਬਿਟ ਕਾਰਡਸ ਦੀ ਵਰਤੋਂ ਲਗਾਤਾਰ ਵਧਦੀ ਹੀ ਜਾ ਰਹੀ ਹੈ, ਜਿਸ ਕਰ ਕੇ ਖਪਤਕਾਰ ਨੂੰ ਕੈਸ਼ ਕੱਢਣ ਲਈ ਪਹਿਲਾਂ ਨਾਲੋਂ ਜ਼ਿਆਦਾ ਵਾਰ ਦੂਜੇ ਬੈਂਕਾਂ ਦੇ ਏ. ਟੀ. ਐੱਮ. 'ਤੇ ਜਾਣਾ ਪੈ ਰਿਹਾ ਹੈ। ਐੱਨ. ਪੀ. ਸੀ. ਆਈ. ਅਤੇ ਆਰ. ਬੀ. ਆਈ. ਦੇ ਡਾਟਾ ਮੁਤਾਬਕ ਪਿਛਲੇ 6 ਮਹੀਨਿਆਂ ਤੋਂ ਇਸ ਰੁਝਾਨ ਨੇ ਜ਼ੋਰ ਫੜਿਆ ਹੈ। 
ਨੋਟਬੰਦੀ ਤੋਂ ਪਹਿਲਾਂ 40 ਫੀਸਦੀ ਖਪਤਕਾਰ ਦੂਜੇ ਬੈਂਕ ਦਾ ਏ. ਟੀ. ਐੱਮ. ਵਰਤਦੇ ਸਨ, ਜੋ ਬਾਅਦ 'ਚ ਵਧ ਕੇ ਲਗਭਗ 55 ਫੀਸਦੀ ਹੋ ਗਿਆ। ਬੈਂਕਰਾਂ ਦਾ ਕਹਿਣਾ ਹੈ ਕਿ ਇਸ ਨਾਲ ਬੈਂਕਾਂ ਨੂੰ ਜ਼ਿਆਦਾ ਇੰਟਰਚੇਂਜ ਫੀਸ ਚੁਕਾਉਣੀ ਪੈ ਰਹੀ ਹੈ। ਚਾਲੂ ਏ. ਟੀ. ਐੱਮਜ਼ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਹੋ ਗਈ ਹੈ। ਹਿਤਾਚੀ ਪੇਮੈਂਟਸ ਦੇ ਮੈਨੇਜਿੰਗ ਡਾਇਰੈਕਟਰ ਲੋਨੀ ਐਂਟੋਨੀ ਦਾ ਕਹਿਣਾ ਹੈ ਕਿ ਨੋਟਬੰਦੀ ਤੋਂ ਪਹਿਲਾਂ 60 ਫੀਸਦੀ ਖਪਤਕਾਰ ਟ੍ਰਾਂਜ਼ੈਕਸ਼ਨ ਲਈ ਆਪਣੇ ਬੈਂਕ ਦੇ ਏ. ਟੀ. ਐੱਮ. ਦੀ ਵਰਤੋਂ ਕਰਦੇ ਸੀ, ਹੁਣ ਇਹ 50-50 ਫੀਸਦੀ ਹੋ ਗਿਆ ਹੈ। ਇਸ ਰੁਝਾਨ ਦੀ ਪੁਸ਼ਟੀ ਆਰ. ਬੀ. ਆਈ. ਅਤੇ ਐੱਨ. ਪੀ. ਸੀ. ਆਈ. ਦੇ ਡਾਟਾ ਤੋਂ ਵੀ ਹੋਈ ਹੈ। ਜੂਨ 'ਚ ਕੁਲ 66 ਕਰੋੜ ਡੈਬਿਟ ਕਾਰਡ ਟ੍ਰਾਂਜ਼ੈਕਸ਼ਨ ਹੋਏ ਸਨ, ਜਿਨ੍ਹਾਂ 'ਚੋਂ ਖਪਤਕਾਰਾਂ ਨੇ 37 ਕਰੋੜ ਟ੍ਰਾਂਜ਼ੈਕਸ਼ਨ ਲਈ ਦੂਜੇ ਬੈਂਕ ਦੇ ਏ. ਟੀ. ਐੱਮ. ਦੀ ਵਰਤੋਂ ਕੀਤੀ ਜੋ 56 ਫੀਸਦੀ ਦੇ ਬਰਾਬਰ ਹੈ। ਜਨਵਰੀ ਅਤੇ ਅਪ੍ਰੈਲ 'ਚ ਵੀ ਕੁਝ ਅਜਿਹਾ ਹੀ ਹੋਇਆ ਸੀ।  ਜੇਕਰ ਰੁਝਾਨ ਦੀ ਤੁਲਨਾ ਨੋਟਬੰਦੀ ਤੋਂ ਮਹੀਨਾ ਭਰ ਪਹਿਲਾਂ ਯਾਨੀ ਅਕਤੂਬਰ 2016 ਦੇ ਡਾਟਾ ਨਾਲ ਕਰੀਏ ਤਾਂ ਉਸ ਮਹੀਨੇ ਕੁਲ 80.2 ਕਰੋੜ ਏ. ਟੀ. ਐੱਮ. ਟ੍ਰਾਂਜ਼ੈਕਸ਼ਨ ਹੋਏ ਸਨ। ਖਪਤਕਾਰ 52 ਫੀਸਦੀ ਟ੍ਰਾਂਜ਼ੈਕਸ਼ਨ ਆਪਣੇ ਬੈਂਕ ਦੇ ਏ. ਟੀ. ਐੱਮ. ਤੋਂ ਕਰਦੇ ਪਾਏ ਗਏ, ਜਦੋਂ ਕਿ ਦੂਜੇ ਬੈਂਕਾਂ ਦੇ ਏ. ਟੀ. ਐੱਮ. ਵਰਤਣ ਵਾਲਿਆਂ ਦਾ ਫੀਸਦੀ 48 ਰਿਹਾ।


Related News