‘5 ਆਟੋਮੋਬਾਇਲ ਕੰਪਨੀਆਂ ਦੇ ਬੰਦ ਹੋਣ ਨਾਲ ਗਈਆਂ 64,000 ਨੌਕਰੀਆਂ’
Friday, Sep 24, 2021 - 11:03 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ’ਚ ਆਟੋਮੋਬਾਇਲ ਡੀਲਰਾਂ ਦੇ ਸੰਗਠਨ ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਕਿਹਾ ਕਿ ਸਾਲ 2017 ਤੋਂ ਲੈ ਕੇ 2021 ਦੌਰਾਨ ਹੁਣ ਤੱਕ ਫੋਰਡ ਸਮੇਤ 5 ਵੱਡੀਆਂ ਆਟੋਮੋਬਾਇਲ ਕੰਪਨੀਆਂ ਦੇ ਭਾਰਤ ’ਚ ਨਿਰਮਾਣ ਬੰਦ ਕਰਨ ਦੇ ਫੈਸਲੇ ਨਾਲ ਨਾ ਸਿਰਫ 64,000 ਨੌਕਰੀਆਂ ਗਈਆਂ ਹਨ ਸਗੋਂ 464 ਡੀਲਰਾਂ ਦੇ 2485 ਕਰੋੜ ਰੁਪਏ ਦੇ ਨਿਵੇਸ਼ ਵੀ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ : ਇੱਕ ਸਾਲ 'ਚ ਇੱਕ ਅਰਬ ਖਿਡੌਣੇ ਵੇਚਣ ਵਾਲੇ Mcdonald ਨੇ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ ਕੀਤਾ ਇਹ ਐਲਾਨ
ਫਾਡਾ ਨੇ ਇਸ ਨੂੰ ਲੈ ਕੇ ਅੱਜ ਭਾਰੀ ਉਦਯੋਗ ਮੰਤਰੀ ਮਹਿੰਦਰ ਨਾਥ ਪਾਂਡੇ ਨੂੰ ਇਕ ਚਿੱਠੀ ਲਿਖੀ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਸਾਲ 2017 ’ਚ ਜਨਰਲ ਮੋਟਰਜ਼ ਦੇ ਭਾਰਤੀ ਬਾਜ਼ਾਰ ਤੋਂ ਬਾਹਰ ਹੋਣ ਨਾਲ 15 ਹਜ਼ਾਰ ਨੌਕਰੀਆਂ ਪ੍ਰਭਾਵਿਤ ਹੋਈਆਂ ਸਨ। ਇਸ ਨਾਲ 142 ਡੀਲਰਾਂ ਵਲੋਂ ਕੀਤੇ ਗਏ 65 ਕਰੋੜ ਰੁਪਏ ਦੇ ਨਿਵੇਸ਼ ’ਤੇ ਵੀ ਅਸਰ ਪਿਆ ਸੀ। ਉਸ ਨੇ ਕਿਹਾ ਕਿ ਇਸ ਤਰ੍ਹਾਂ 2018 ’ਚ ਮਾਨ ਟ੍ਰਕਸ ਦੇ ਬੰਦ ਹੋਣ ਨਾਲ 4500 ਨੌਕਰੀਆਂ ਗਈਆਂ ਸਨ ਅਤੇ 38 ਡੀਲਰਾਂ ਦੇ 200 ਕਰੋੜ ਰੁਪਏ ਦੇ ਨਿਵੇਸ਼ ’ਤੇ ਬੁਰਾ ਅਸਰ ਪਿਆ ਸੀ। ਸੰਗਠਨ ਨੇ ਕਿਹਾ ਕਿ ਸਾਲ 2019 ’ਚ ਯੂ. ਐੱਮ. ਲੋਹੀਆ ਨੇ ਭਾਰਤੀ ਬਾਜ਼ਾਰ ਨੂੰ ਛੱਡਿਆ, ਜਿਸ ਨਾਲ 2500 ਲੋਕਾਂ ਦਾ ਰੋਜ਼ਗਾਰ ਖੁੰਝ ਗਿਆ ਸੀ। ਮਹਿੰਗੇ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਹਾਰਲੇ ਡੇਵਿਡਸਨ ਦੇ ਸਾਲ 2020 ’ਚ ਭਾਰਤ ਛੱਡਣ ਨਾਲ 2000 ਨੌਕਰੀਆਂ ਗਈਆਂ ਅਤੇ ਹੁਣ ਫੋਰਡ ਨੇ ਭਾਰਤੀ ਬਾਜ਼ਾਰ ਲਈ ਨਿਰਮਾਣ ਬੰਦ ਕਰ ਦਿੱਤਾ ਹੈ, ਜਿਸ ਨਾਲ 40 ਹਜ਼ਾਰ ਨੌਕਰੀਆਂ ਜਾ ਰਹੀਆਂ ਹਨ। ਇਸ ਨਾਲ 170 ਡੀਲਰਾਂ ਵਲੋਂ ਕੀਤੇ ਗਏ 2000 ਕਰੋੜ ਰੁਪਏ ਦੇ ਨਿਵੇਸ਼ ਨੂੰ ਲੈ ਕੇ ਵੀ ਚਿੰਤਾ ਪੈਦਾ ਹੋ ਗਈ ਕਿਉਂਕਿ ਫੋਰਡ ਡੀਲਰਾਂ ਨੂੰ ਨਾਨ ਡਿਸਕਲੋਜ਼ਰ ਸਮਝੌਤਾ ਕਰਨ ਲਈ ਦਬਾਅ ਬਣਾ ਰਹੀ ਹੈ। ਫਾਡਾ ਨੇ ਕੇਂਦਰੀ ਮੰਤਰੀ ਨੂੰ ਇਸ ਮਾਮਲੇ ’ਚ ਤੁਰੰਤ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : US ਸ਼ੇਅਰ ਬਾਜ਼ਾਰ 'ਚ ਲਿਸਟ ਹੋਣ ਵਾਲੀ ਪਹਿਲੀ ਕੰਪਨੀ ਬਣ 'ਫਰੈਸ਼ਵਰਕਸ' ਨੇ ਰਚਿਆ ਇਤਿਹਾਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।